ਪ੍ਰਭੂ ਦਿਆਲ
ਸਿਰਸਾ, 13 ਮਈ
ਐੱਸਸੀ/ਐੱਸਟੀ ਵਿਦਿਆਰਥੀਆਂ ਦੇ ਹਿੱਤਾਂ ਲਈ ਬਹੁਜਨ ਸਮਾਜ ਪਾਰਟੀ ਦੇ ਆਗੂਆਂ ਨੇ ਹਰਿਆਣਾ ਦੇ ਮੁੱਖ ਮੰਤਰੀ ਦੇ ਨਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪਿਆ। ਪਾਰਟੀ ਦੇ ਆਗੂਆਂ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਦਿੱਤੇ ਗਏ ਮੰਗ ਪੱਤਰ ਵਿੱਚ ਕਿਹਾ ਗਿਆ ਹੈ ਕਿ ਦੋ ਸਾਲ ਤੋਂ ਐੱਸਸੀ/ਐੱਸਟੀ ਦੇ ਵਿਦਿਆਰਥੀਆਂ ਨੂੰ ਪੁਸਤਕਾਂ ਨਹੀਂ ਦਿੱਤੀਆਂ ਗਈਆਂ। ਇਸੇ ਤਰ੍ਹਾਂ ਤਿੰਨ ਸਾਲਾਂ ਤੋਂ ਵਿਦਿਆਰਥੀਆਂ ਨੂੰ ਵਜੀਫ਼ਾ ਨਹੀਂ ਦਿੱਤਾ ਗਿਆ ਹੈ। ਆਰਥਿਕ ਪੱਖੋਂ ਪਛੜੇ ਸਮਾਜ ਦੇ ਬੱਚਿਆਂ ਨੂੰ ਸਕੂਲਾਂ ’ਚ 134ਏ ਦੇ ਤਹਿਤ ਦਾਖ਼ਲਾ ਨਹੀਂ ਦਿੱਤਾ ਗਿਆ। ਇਸ ਤੋਂ ਇਲਾਵਾ ਯੂਨੀਵਰਸਿਟੀਆਂ ਦੀ ਬੰਦ ਕੀਤੀ ਗਈ ਗਰਾਂਟ ਮੁੜ ਤੋਂ ਚਾਲੂ ਕਰਨ, ਮਜ਼ਦੂਰਾਂ ਨੂੰ ਦਿਹਾੜੀ ਪੰਜ ਸੌ ਰੁਪਏ ਤੇ ਸਮਾਂ ਅੱਠ ਘੰਟੇ ਕਰਨ ਦੀ ਵੀ ਮੰਗ ਕੀਤੀ ਗਈ। ਇਸ ਮੌਕੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਭੂਸ਼ਨ ਲਾਲ ਬਰੋੜ, ਜ਼ਿਲ੍ਹਾ ਸਕੱਤਰ ਕੈਲਾਸ਼ ਚੰਦ, ਸੂਬਾਈ ਸਕੱਤਰ ਰੋਹਿਤ ਰਵਾ, ਲੋਕ ਸਭਾ ਇੰਚਾਰਜ ਲੀਲੂ ਰਾਮ ਆਸਾਖੇੜਾ, ਪੁਪਿੰਦਰ ਸ਼ਾਸਤਰੀ, ਗੁਰਦੀਪ ਸਿੰਘ ਕੰਬੋਜ, ਬੰਸੀ ਲਾਲ ਦਈਆ, ਰਵਿੰਦਰ ਬਾਲਿਆਣ ਤੇ ਵਿਜੈ ਜਲਵਾ ਸਮੇਤ ਪਾਰਟੀ ਦੇ ਕਈ ਆਹੁਦੇਦਾਰ ਮੌਜੂਦ ਸਨ।