ਪ੍ਰਭੂ ਦਿਆਲ
ਸਿਰਸਾ, 3 ਜਨਵਰੀ
ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਨੇ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕਰਦਿਆਂ ਅੱਜ ਸਿਰਸਾ ਜ਼ਿਲ੍ਹਾ ਦੇ ਕਸਬੇ ਰਾਣੀਆਂ ਵਿਖੇ ਰਿਲਾਇੰਸ ਦੇ ਪੈਟਰੋਲ ਪੰਪ ਦੇ ਸਾਹਮਣੇ ਧਰਨਾ ਦਿੱਤਾ ਤੇ ਸਰਕਾਰ ਤੇ ਕਾਰਪੋਰੇਟ ਘਰਾਣਿਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਵੱਡੀ ਗਿਣਤੀ ’ਤੇ ਪਹੁੰਚੇ ਇਲਾਕੇ ਦੇ ਕਿਸਾਨਾਂ ਨੇ ਬਾਬਾ ਰਾਮ ਦੇਵ ਦੀ ਪਤੰਜਲੀ ਉਤਪਾਦਾਂ ਦਾ ਵੀ ਬਾਈਕਾਟ ਕੀਤਾ। ਕਿਸਾਨ ਆਗੂ ਡਾ. ਸੁਖਦੇਵ ਸਿੰਘ ਜੰਮੂ ਤੇ ਸੁਵਰਨ ਸਿੰਘ ਵਿਰਕ ਨੇ ਦੱਸਿਆ ਹੈ ਕਿ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਕਾਰਪੋਰੇਟ ਘਰਾਣਿਆਂ ਦੇ ਉਤਪਾਦਾਂ ਦਾ ਬਾਈਕਾਟ ਕੀਤਾ ਜਾ ਰਿਹਾ ਹੈ।
ਇਸ ਦੌਰਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉੁਣ ਲਈ ਕਿਸਾਨਾਂ ਵੱਲੋਂ ਸ਼ੁਰੂ ਕੀਤੀ ਗਈ ਲੜੀਵਾਰ ਭੁੱਖ ਹੜਤਾਲ ਅੱਜ ਅੱਠਵੇਂ ਦਿਨ ਵੀ ਜਾਰੀ ਰਹੀ। ਵੱਖ-ਵੱਖ ਪਿੰਡਾਂ ਦੇ ਛੇ ਕਿਸਾਨਾਂ ਨੇ 24 ਘੰਟਿਆਂ ਲਈ ਭੁੱਖ ਹੜਤਾਲ ਕੀਤੀ। ਟੌਲ ਪਲਾਜ਼ੇ ’ਤੇ ਕਿਸਾਨਾਂ ਵੱਲੋਂ ਸ਼ੁਰੂ ਕੀਤੀ ਗਈ ਲੜੀਵਾਰ ਭੁੱਖ ਹੜਤਾਲ ਅੱਜ ਪਿੰਡ ਪੱਤਲੀ ਡਾਬਰ ਤੋਂ ਹਰਭਜਨ ਸਿੰਘ, ਪਿੰਡ ਮੋਰੀਵਾਲਾ ਤੋਂ ਲਖਵਿੰਦਰ ਸਿੰਘ, ਸਿਰਸਾ ਤੋਂ ਦਰਸ਼ਨ ਸਿੰਘ, ਢਾਣੀ ਰਾਮਪੁਰਾ ਤੋਂ ਦੇਵ ਰਾਜ ਅਤੇ ਬਹਾਵਦੀਨ ਪਿੰਫ ਤੋਂ ਮਹਿੰਦਰ ਸਿੰਘ ਤੇ ਦਰਸ਼ਨ ਸਿੰਘ ਭੁੱਖ ਹੜਤਾਲ ’ਤੇ ਰਹੇ।