ਪ੍ਰਭੂ ਦਿਆਲ
ਸਿਰਸਾ, 14 ਮਈ
ਹਰਿਆਣਾ ਸਰਕਾਰ ਦੀ ਸ਼ਰਾਬ ਨੀਤ ਦੇ ਵਿਰੋਧ ’ਚ ਹਰਿਆਣਾ ਦੇ ਉੱਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਦੇ ਘਰ ਸ਼ਰਾਬ ਦੀਆਂ ਬੋਲਤਾਂ ਭੇਟ ਕਰਨ ਜਾਂਦੀਆਂ ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਦੀਆਂ ਕਾਰਕੁਨਾਂ ਨਾਲ ਪੁਲੀਸ ਦੀ ਧੱਕਾਮੁੱਕੀ ਹੋਈ। ਪੁਲੀਸ ਨੂੰ ਚਕਮਾ ਦੇ ਕੇ ਮਹਿਲਾਵਾਂ ਹਰਿਆਣਾ ਦੇ ਉੱਪ ਮੁੱਖ ਮੰਤਰੀ ਦੇ ਘਰ ਦੇ ਪਿੱਛੇ ਪਹੁੰਚ ਗਈਆਂ ਤਾਂ ਪੁਲੀਸ ਨੂੰ ਭਾਜੜਾਂ ਪੈ ਗਈਆਂ। ਆਮ ਆਦਮੀ ਪਾਰਟੀ ਦੇ ਮਹਿਲਾ ਵਿੰਗ ਨੇ ਅੱਜ ਹਰਿਆਣਾ ਸਰਕਾਰ ਦੀ ਸ਼ਰਾਬ ਨੀਤੀ ਦੇ ਵਿਰੋਧ ’ਚ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀ ਮਹਿਲਾਵਾਂ ਨੇ ਹੱਥਾਂ ਵਿੱਚ ਸ਼ਰਾਬ ਦੀਆਂ ਬੋਤਲਾਂ ਸਨ। ਸ਼ਹੀਦ ਭਗਤ ਸਿੰਘ ਸਟੇਡੀਅਮ ਤੋਂ ਪ੍ਰਦਰਸ਼ਨ ਕਰਦੀਆਂ ਮਹਿਲਾਵਾਂ ਬਾਬਾ ਭੂਮਣ ਸ਼ਾਹ ਚੌਕ ’ਤੇ ਪਹੁੰਚੀਆਂ, ਜਿਥੇ ਪੁਲੀਸ ਨੇ ਹਰਿਆਣਾ ਦੇ ਉੱਪ ਮੁੱਖ ਮੰਤਰੀ ਦੇ ਘਰ ਨੂੰ ਜਾਂਦੀ ਸੜਕ ’ਤੇ ਬੈਰੀਕੇਡ ਲਾ ਕੇ ਉਨ੍ਹਾਂ ਨੂੰ ਰੋਕ ਲਿਆ। ਕਾਫੀ ਦੇਰ ਨਾਅਰੇਬਾਜ਼ੀ ਕਰਕੇ ਮਹਿਲਾਵਾਂ ਨੇ ਗਰਮੀ ’ਚ ਧਰਨਾ ਦਿੱਤਾ।
ਇਸੇ ਦੌਰਾਨ ਕੁਝ ਮਹਿਲਾਵਾਂ ਪੁਲੀਸ ਨੂੰ ਚਕਮਾ ਦੇ ਕੇ ਉਪ ਮੁੱਖ ਮੰਤਰੀ ਦੇ ਘਰ ਦੇ ਪਿੱਛੇ ਵਾਲੀ ਗਲੀ ਵੱਲ ਨੂੰ ਚੱਲ ਪਈਆਂ ਤਾਂ ਪੁਲੀਸ ਨੂੰ ਭਾਜੜਾਂ ਪੈ ਗਈਆਂ। ਪੁਲੀਸ ਨੇ ਮਹਿਲਾਵਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਕੁਝ ਮਹਿਲਾਵਾਂ ਉੱਪ ਮੁੱਖ ਮੰਤਰੀ ਦੇ ਘਰ ਦੇ ਪਿਛਲੇ ਪਾਸੇ ਪਹੁੰਚ ਗਈਆਂ। ਇਸ ਦੌਰਾਨ ਪੁਲੀਸ ਨਾਲ ਮਹਿਲਾਵਾਂ ਤੇ ਆਪ ਦੇ ਹੋਰ ਕਾਰਕੁਨਾਂ ਦੀ ਧੱਕਾਮੁੱਕੀ ਹੋਈ ਪਰ ਪੁਲੀਸ ਆਪ ਕਾਰਕੁਨਾਂ ਨੂੰ ਧੱਕ ਕੇ ਵਾਪਸ ਲੈ ਆਈ। ਇਸ ਦੌਰਾਨ ਆਪ ਆਗੂ ਕੁਲਦੀਪ ਗਦਰਾਨਾ, ਦਰਸ਼ਨ ਕੌਰ ਅਤੇ ਮਮਤਾ ਕੰਬੋਜ ਨੇ ਕਿਹਾ ਕਿ ਇਕ ਪਾਸੇ ਤਾਂ ਸਰਕਾਰ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਦੇ ਡਰਾਮੇ ਕਰ ਰਹੀ ਹੈ ਤੇ ਦੂਜੇ ਪਾਸੇ ਸ਼ਰਾਬ ਸਸਤੀ ਕਰਕੇ ਨੌਜਵਾਨਾਂ ਨੂੰ ਨਸ਼ਿਆਂ ਵਿੱਚ ਧੱਕਣ ਦਾ ਕੰਮ ਕਰ ਰਹੀ ਹੈ। ਜੇ ਸਰਕਾਰ ਸ਼ਰਾਬ ਸਸਤੀ ਕਰ ਸਕਦੀ ਹੈ ਤਾਂ ਹੋਰ ਖਾਣ-ਪੀਣ ਦੀਆਂ ਚੀਜ਼ਾਂ ਨੂੰ ਸਸਤਾ ਕਿਉਂ ਨਹੀਂ ਕੀਤਾ ਜਾ ਸਕਦਾ।