ਪ੍ਰਭੂ ਦਿਆਲ
ਸਿਰਸਾ, 13 ਅਪਰੈਲ
ਨਗਰ ਪਰਿਸ਼ਦ ਦੇ ਵਿਕਾਸ ਕਾਰਜਾਂ ’ਚ ਕਥਿਤ ਭਿ੍ਸ਼ਟਾਚਾਰ ਦੀ ਜਾਂਚ ਲਈ ਆਮ ਆਦਮੀ ਪਾਰਟੀ ਵੱਲੋਂ ਮਿੰਨੀ ਸਕੱਤਰੇਤ ਦੇ ਬਾਹਰ ਸ਼ੁਰੂ ਕੀਤੀ ਗਈ ਭੁੱਖ ਹੜਤਾਲ ਅੱਜ ਪੰਜਵੇਂ ਦਿਨ ਵੀ ਜਾਰੀ ਰਹੀ। ਭੁੱਖ ਹੜਤਾਲ ’ਤੇ ਬੈਠੇ ਆਪ ਦੇ ਜ਼ਿਲ੍ਹਾ ਪ੍ਰਧਾਨ ਵਰਿੰਦਰ ਕੁਮਾਰ ਐਡਵੋਕੇਟ ਦੀ ਅੱਜ ਸਿਹਤ ਵਿਗੜ ਗਈ, ਜਿਸ ਮਗਰੋਂ ਨਾਗਰਿਕ ਹਸਪਤਾਲ ਦੇ ਡਾਕਟਰਾਂ ਵੱਲੋਂ ਉਨ੍ਹਾਂ ਦੀ ਸਿਹਤ ਦੀ ਜਾਂਚ ਕੀਤੀ ਗਈ। ਮਿੰਨੀ ਸਕੱਤਰੇਤ ਦੇ ਬਾਹਰ ਧਰਨਾ ਦੇ ਰਹੇ ਆਪ ਆਗੂ ਹੰਸ ਰਾਜ ਸਾਮਾ ਨੇ ਕਿਹਾ ਕਿ ਜਦੋਂ ਤੱਕ ਨਗਰ ਪਰਿਸ਼ਦ ਵੱਲੋਂ ਕਰਵਾਏ ਗਏ ਵਿਕਾਸ ਕਾਰਜਾਂ ਦੀ ਜਾਂਚ ਕਰਕੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਨਹੀਂ ਕੀਤੀ ਜਾਂਦੀ, ਉਨ੍ਹਾਂ ਦਾ ਇਹ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਆਪ ਦੇ ਕਈ ਆਗੂ ਤੇ ਕਾਰਕੁਨ ਮੌਜੂਦ ਸਨ।