ਨਿਜੀ ਪੱਤਰ ਪ੍ਰੇਰਕ
ਅੰਬਾਲਾ, 19 ਨਵੰਬਰ
ਜੀਐੱਮਐੱਨ ਕਾਲਜ ਅੰਬਾਲਾ ਛਾਉਣੀ ਦੀ ਪੰਜਾਬੀ ਸਾਹਿਤ ਸਭਾ ਵੱਲੋਂ ਵਿਭਾਗ ਦੇ ਮੁਖੀ ਡਾ. ਸੁਦਰਸ਼ਨ ਗਾਸੋ ਦੀ ਅਗਵਾਈ ਹੇਠ ਹਰਿਆਣਾ ਪੰਜਾਬੀ ਸਾਹਿਤ ਅਕੈਡਮੀ ਦੇ ਸਹਿਯੋਗ ਨਾਲ ‘ਪੰਜਾਬੀ ਭਾਸ਼ਾ ਵਰਤਮਾਨ ਅਤੇ ਭਵਿੱਖ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਵਿੱਚ ਉਦਘਾਟਨੀ ਭਾਸ਼ਣ ਦਿੰਦਿਆਂ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਜੀਜੀਐਨ ਖ਼ਾਲਸਾ ਕਾਲਜ ਲੁਧਿਆਣਾ ਦੇ ਸਾਬਕਾ ਪ੍ਰਿੰਸੀਪਲ ਡਾ. ਗੁਰਦੇਵ ਸਿੰਘ ਨੇ ਕਿਹਾ ਕਿ ਹਰਿਆਣਾ ਬਣਨ ਤੋਂ ਬਾਅਦ ਪੰਜਾਬੀ ਭਾਸ਼ਾ ਦੀਆਂ ਜੜ੍ਹਾਂ ਹਿੰਦੀ ਨਾਲ ਮਿਲ ਕੇ ਹੋਰ ਮਜ਼ਬੂਤ ਹੋਈਆਂ ਹਨ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਡੀਨ ਡਾ. ਜਸਵਿੰਦਰ ਸਿੰਘ ਨੇ ਕਿਹਾ ਕਿ ਪੰਜਾਬੀ ਸਿਰਫ਼ ਇਕ ਭਾਸ਼ਾ ਹੀ ਨਹੀਂ ਬਲਕਿ ਆਤਮ ਬਲ ਹੈ। ਪਹਿਲੇ ਸੈਸ਼ਨ ਦੀ ਮੁੱਖ ਵਕਤਾ ਡਾ. ਧਨਵੰਤ ਕੌਰ ਨੇ ਕਿਹਾ ਕਿ ਹਰ ਅਨੁਸ਼ਾਸਨ ਦੀ ਆਪਣੀ ਭਾਸ਼ਾ ਹੁੰਦੀ ਹੈ। ਪੰਜਾਬੀ ਇਸ ਸਮੇਂ ਤਕਨੀਕੀ ਭਾਸ਼ਾ ਵੀ ਬਣ ਚੁੱਕੀ ਹੈ। ਇਸ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਹਰਿਆਣਾ ਪੰਜਾਬੀ ਸਾਹਿਤ ਅਕੈਡਮੀ ਦੇ ਡਾਇਰੈਕਟਰ ਸੁਨੀਲ ਵਸ਼ਿਸ਼ਟ ਨੇ ਕਿਹਾ ਕਿ ਪੰਜਾਬੀ ਭਾਸ਼ਾ ਦੀ ਪ੍ਰਗਤੀ ਵੱਲ ਧਿਆਨ ਦੇਣਾ ਚਾਹੀਦਾ ਹੈ। ਬਾਅਦ ਦੁਪਹਿਰ ਸੈਸ਼ਨ ਦੇ ਪ੍ਰਧਾਨਗੀ ਮੰਡਲ ਵਿਚ ਮਨਮੋਹਨ ਸਿੰਘ ਦਾਉਂ, ਡਾ. ਪ੍ਰਿਥਵੀਰਾਜ ਥਾਪਰ (ਦਿੱਲੀ), ਪ੍ਰਿੰਸੀਪਲ ਜੁਗਿੰਦਰ ਸਿੰਘ (ਸ਼ਾਹਬਾਦ), ਪੰਜਾਬ ਯੂਨੀਵਰਸਿਟੀ ਤੋਂ ਡਾ. ਯੋਗ ਰਾਜ ਆਦਿ ਸ਼ਾਮਲ ਸਨ। ਸੈਮੀਨਾਰ ਦੌਰਾਨ ਡਾ. ਸੁਦਰਸ਼ਨ ਗਾਸੋ ਦੀਆਂ ਤਿੰਨ ਪੁਸਤਕਾਂ ਵੀ ਰਿਲੀਜ਼ ਕੀਤੀਆਂ ਗਈਆਂ।