ਪੱਤਰ ਪ੍ਰੇਰਕ
ਪਿਹੋਵਾ, 8 ਅਗਸਤ
ਐੱਸਡੀਐੱਮ ਸੋਨੂੰ ਰਾਮ ਨੇ ਆਪਣੇ ਦਫ਼ਤਰ ਵਿੱਚ ਆਜ਼ਾਦੀ ਦਿਹਾੜੇ ਦੇ ਸਮਾਗਮ ਦੀ ਤਿਆਰੀ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਇਸ ਵਾਰ ਸਬ ਡਿਵੀਜ਼ਨ ਪਿਹੋਵਾ ਦੀ ਅਨਾਜ ਮੰਡੀ ਵਿੱਚ ਆਜ਼ਾਦੀ ਦਿਹਾੜਾ ਧੂਮਧਾਮ ਨਾਲ ਮਨਾਇਆ ਜਾਵੇਗਾ। ਇਸ ਦੌਰਾਨ ਹਰੇਕ ਵਿਭਾਗ ਆਪਣੇ ਵਿਭਾਗਾਂ ਨਾਲ ਸਬੰਧਤ ਦੇਸ਼ ਭਗਤੀ ਅਤੇ ਵਿਕਾਸ ਕਾਰਜਾਂ ਨਾਲ ਭਰਪੂਰ ਸੁੰਦਰ ਝਾਕੀ ਪੇਸ਼ ਕਰੇਗਾ। ਉਨ੍ਹਾਂ ਹਦਾਇਤ ਕੀਤੀ ਕਿ ਆਪੋ-ਆਪਣੇ ਖੇਤਰਾਂ ਨੂੰ ਦਰਸਾਉਂਦੀਆਂ ਇਹ ਝਾਕੀਆਂ ਪਿਛਲੇ ਸਾਲਾਂ ਨਾਲੋਂ ਬਹੁਤ ਆਕਰਸ਼ਕ ਅਤੇ ਵੱਖਰੀਆਂ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਨਗਰ ਕੌਂਸਲ ਦੇ ਸਕੱਤਰ ਨੂੰ ਹਦਾਇਤ ਕੀਤੀ ਕਿ ਬਰਸਾਤ ਦਾ ਮੌਸਮ ਹੋਣ ਕਾਰਨ ਅਨਾਜ ਮੰਡੀ ਵਿੱਚ ਹਰ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ। ਉਨ੍ਹਾਂ ਬਲਾਕ ਸਿੱਖਿਆ ਅਫ਼ਸਰ ਨੂੰ ਆਦੇਸ਼ ਦਿੱਤੇ ਕਿ ਆਜ਼ਾਦੀ ਦਿਹਾੜੇ ਦੇ ਸਮਾਗਮਾਂ ਵਿੱਚ ਰਾਸ਼ਟਰੀ ਭਗਤੀ ਦੇ ਗੀਤ ਅਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨ ਲਈ ਸਾਰੇ ਸਕੂਲਾਂ ਵਿੱਚੋਂ ਚੰਗੀਆਂ ਟੀਮਾਂ ਦੀ ਚੋਣ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸਾਰੇ ਸਕੂਲਾਂ ਦੀਆਂ ਚੁਣੀਆਂ ਗਈਆਂ ਟੀਮਾਂ ਦੇ ਨਾਲ-ਨਾਲ ਸਕੂਲ ਦਾ ਇੱਕ-ਇੱਕ ਨੁਮਾਇੰਦਾ ਬੱਚਿਆਂ ਦੇ ਨਾਲ ਜ਼ਰੂਰ ਆਵੇ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਮੇਨ ਚੌਕ ਤੋਂ ਸ਼ਹੀਦੀ ਸਮਾਰਕ ਤੱਕ ਸਜਾਵਟ ਦਾ ਕੰਮ ਕੀਤਾ ਜਾਵੇ ਅਤੇ ਸ਼ਹਿਰ ਦਾ ਸੁੰਦਰੀਕਰਨ ਕੀਤਾ ਜਾਵੇ। ਮੀਟਿੰਗ ਦੌਰਾਨ ਡੀਐਸਪੀ ਗੁਰਮੇਲ ਸਿੰਘ ਨੇ ਦੱਸਿਆ ਕਿ ਅਨਾਜ ਮੰਡੀ ਦੇ ਚਾਰੇ ਪਾਸੇ ਬੈਰੀਕੇਡਿੰਗ ਕੀਤੀ ਜਾਵੇਗੀ ਅਤੇ ਕਿਸੇ ਵੀ ਕਿਸਮ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਨਾਇਬ ਤਹਿਸੀਲਦਾਰ ਸੁਰੇਸ਼ ਕੁਮਾਰ, ਬੀ.ਈ.ਓ ਵਰਿੰਦਰ ਗਰਗ, ਵਿਨੋਦ ਆਰੀਆ, ਡਾ. ਅਰੁਣ ਗੋਤਰਾ, ਮਨੀਸ਼ ਵਤਸ, ਚੰਦਰ ਸਿੰਘ, ਮੀਨਾਕਸ਼ੀ, ਕਵਿਤਾ, ਨੀਰੂ ਸ਼ਰਮਾ, ਅਜੀਤ ਸਿੰਘ, ਸੁਨੀਲ ਕੁਮਾਰ, ਧਰਮ ਸਿੰਘ ਤੇ ਧਰਮਵੀਰ ਸਮੇਤ ਸਮੂਹ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।