ਰਤਨ ਸਿੰਘ ਢਿੱਲੋਂ
ਅੰਬਾਲਾ, 20 ਦਸੰਬਰ
ਇਥੇ ਵਾਪਰੇ ਦੋ ਹਾਦਸਿਆਂ ਵਿੱਚ ਦੋ ਜਣਿਆਂ ਦੀ ਮੌਤ ਹੋ ਗਈ ਅਤੇ ਇਕ ਵਿਅਕਤੀ ਜ਼ਖ਼ਮੀ ਹੋ ਗਿਆ। ਪਹਿਲਾ ਹਾਦਸਾ ਛਾਉਣੀ ਦੇ ਸੈਨਿਕ ਖੇਤਰ ਵਿਚ ਖੜਗਾ ਆਰਮੀ ਸਕਿਲ ਟ੍ਰੇਨਿੰਗ ਸੈਂਟਰ ਕੋਲ ਵਾਪਰਿਆ ਅਤੇ ਰਾਤ ਦੇ ਹਨੇਰੇ ਵਿੱਚ ਐਕਟਿਵਾ ਸਕੂਟਰ ਸੜਕ ’ਤੇ ਗਲਤ ਦਿਸ਼ਾ ਵਿਚ ਖੜ੍ਹੇ ਮਿਲਟਰੀ ਟਰੱਕ ਨਾਲ ਟਕਰਾ ਗਿਆ। ਇਸ ਹਾਦਸੇ ਵਿਚ ਰਮਨ ਗੁਪਤਾ ਅਤੇ ਜਗਮੋਹਨ ਸ਼ਰਮਾ ਜ਼ਖ਼ਮੀ ਹੋ ਗਏ। ਸੈਨਾ ਦੇ ਜਵਾਨ ਉਨ੍ਹਾਂ ਨੂੰ ਮਿਲਟਰੀ ਹਸਪਤਾਲ ਲੈ ਕੇ ਗਏ ਜਿਥੇ ਰਮਨ ਗੁਪਤਾ (50) ਦੀ ਮੌਤ ਹੋ ਗਈ। ਜਗਮੋਹਨ ਸ਼ਰਮਾ ਵਾਸੀ ਬਬਿਆਲ ਨੇ ਦੱਸਿਆ ਕਿ ਡਿਫੈਂਸ ਕਲੋਨੀ ਵਿਚ ਉਸ ਦੀ ਅਤੇ ਰਮਨ ਗੁਪਤਾ ਦੀ ਦੁਕਾਨ ਆਹਮੋ-ਸਾਹਮਣੇ ਹੈ। ਬੀਤੀ ਰਾਤ ਜਦੋਂ ਉਹ ਦੁਕਾਨਾਂ ਬੰਦ ਕਰ ਕੇ ਸਕੂਟਰ ’ਤੇ ਘਰ ਜਾ ਰਹੇ ਸਨ ਤਾਂ ਹਾਦਸਾ ਵਾਪਰ ਗਿਆ। ਛਾਉਣੀ ਪੁਲੀਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਕ ਹੋਰ ਹਾਦਸੇ ਵਿਚ ਬਲਬੀਰ ਸਿੰਘ ਵਾਸੀ ਤੰਦਵਾਲ ਨੇ ਸਾਹਾ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਹੈ ਕਿ 19 ਦਸੰਬਰ ਨੂੰ ਸਾਹਾ-ਸ਼ਾਹਜ਼ਾਦਪੁਰ ਰੋਡ ’ਤੇ ਨੂਰ ਪੈਲੇਸ ਨੇੜੇ ਲਾਹਾ ਮਾਜਰੀ ਵਿੱਚ ਅਣਪਛਾਤੇ ਕਾਰ ਚਾਲਕ ਨੇ ਓਵਰਟੇਕ ਕਰਦਿਆਂ ਉਸ ਦੇ ਜਵਾਈ ਰਜਿੰਦਰ ਕੁਮਾਰ ਵਾਸੀ ਸ਼ੇਰਗੜ੍ਹ ਮਾਜਰਾ ਦੇ ਮੋਟਰ ਸਾਈਕਲ ਨੂੰ ਸਾਈਡ ਮਾਰ ਦਿੱਤੀ। ਕਾਰ ਉਸ ਦੇ ਜਵਾਈ ਨੂੰ ਘਸੀਟਦੀ ਹੋਈ ਦੂਰ ਤੱਕ ਲੈ ਗਈ। ਜ਼ਖ਼ਮੀ ਰਜਿੰਦਰ ਕੁਮਾਰ ਨੂੰ ਐਮ.ਐਮ.ਹਸਪਤਾਲ ਮੁਲਾਣਾ ਲਿਜਾਇਆ ਗਿਆ ਜਿਥੇ ਉਸ ਦੀ ਮੌਤ ਹੋ ਗਈ। ਪੁਲੀਸ ਨੇ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਚੀਨੀ ਡੋਰ ਦੀ ਲਪੇਟ ’ਚ ਆਉਣ ਕਾਰਨ ਮੋਟਰਸਾਈਕਲ ਸਵਾਰ ਜਖ਼ਮੀ
ਕੁਰਾਲੀ (ਮਿਹਰ ਸਿੰਘ): ਇਥੋਂ ਦੇ ਵਾਰਡ ਨੰਬਰ 9 ਦਾ ਮੋਟਰਸਾਈਕਲ ਸਵਾਰ ਨੌਜਵਾਨ ਚੀਨੀ ਡੋਰ ਦੀ ਲਪੇਟ ਵਿੱਚ ਆ ਕੇ ਜ਼ਖ਼ਮੀ ਹੋ ਗਿਆ। ਇਸੇ ਦੌਰਾਨ ਉਸ ਦੀ ਪਤਨੀ ਦਾ ਬਚਾਅ ਰਿਹਾ। ਪੀੜਤ ਅਮਨਦੀਪ ਸਿੰਘ ਕੈਂਡੀ ਨੇ ਦੱਸਿਆ ਕਿ ਉਹ ਆਪਣੀ ਪਤਨੀ ਨਾਲ ਮੋਟਰਸਾਈਕਲ ’ਤੇ ਸਵਾਰ ਹੋ ਕੇ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਸੋਲਖ਼ੀਆਂ ਵਿਖੇ ਨਤਮਸਤਕ ਹੋਣ ਜਾ ਰਿਹਾ ਸੀ। ਜਦੋਂ ਉਹ ਸ਼ਹਿਰ ਦੇ ਰੇਲਵੇ ਓਵਰਬਰਿੱਜ ’ਤੇ ਪਹੁੰਚਿਆ ਤਾਂ ਪਤੰਗ ਦੀ ਡੋਰ ਦੀ ਲਪੇਟ ਵਿਚ ਆ ਗਿਆ। ਹੈਲਮਟ ਤੇ ਜੈਕਟ ਪਹਿਨੀ ਹੋਣ ਦੇ ਬਾਵਜੂਦ ਡੋਰ ਨੇ ਉਸ ਦੀ ਗਰਦਨ ਅਤੇ ਉਸ ਦੇ ਇਕ ਹੱਥ ਦੀਆਂ ਉਗਲਾਂ ਨੂੰ ਚੀਰ ਦਿੱਤਾ। ਮੋਟਰਸਾਈਕਲ ਦੀ ਰਫ਼ਤਾਰ ਘੱਟ ਹੋਣ ਕਾਰਨ ਉਹ ਡਿੱਗਣ ਤੋਂ ਬੱਚ ਗਏ। ਅਮਨਦੀਪ ਨੂੰ ਸਥਾਨਕ ਹਸਪਤਾਲ ਲਿਆਂਦਾ ਗਿਆ ਜਿੱਥੇ ਇਲਾਜ ਤੋਂ ਬਾਅਦ ਉਸ ਨੂੰ ਘਰ ਭੇਜ ਦਿੱਤਾ ਗਿਆ। ਸਥਾਨਕ ਥਾਣੇ ਦੇ ਮੁਖੀ ਗੁਰਪ੍ਰੀਤ ਸਿੰਘ ਨੇ ਚੀਨੀ ਡੋਰ ਵੇਚਣ ਵਾਲਿਆ ਖ਼ਿਲਾਫ਼ ਕਾਰਵਾਈ ਦਾ ਭਰੋਸਾ ਦਿੱਤਾ ਹੈ।
ਚੋਏ ’ਚ ਡਿੱਗਣ ਕਾਰਨ ਮੋਟਰਸਾਈਕਲ ਸਵਾਰ ਫੱਟੜ
ਫਤਹਿਗੜ੍ਹ ਸਾਹਿਬ (ਅਜੈ ਮਲਹੋਤਰਾ): ਸਰਹਿੰਦ ਵਿੱਚ ਕੰਮ ਕਰਦੇ ਪਿੰਡ ਤਰਖਾਣਮਾਜਰਾ ਦੇ ਵਸਨੀਕ ਪਰਵਿੰਦਰ ਸਿੰਘ ਨੇ ਪੁਲੀਸ ਕੋਲ ਲਿਖਵਾਏ ਬਿਆਨਾਂ ’ਚ ਦੱਸਿਆ ਕਿ ਉਹ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਡਿਊਟੀ ਲਈ ਜਾ ਰਿਹਾ ਸੀ। ਜਦੋਂ ਉਹ ਜੀ.ਟੀ. ਰੋਡ ਸਰਹਿੰਦ ਦੀ ਸਰਵਿਸ ਰੋਡ ’ਤੇ ਮਲਕਪੁਰ ਕੱਟ ਨਜ਼ਦੀਕ ਪੁੱਜਾ ਤਾਂ ਮੇਨ ਜੀ.ਟੀ.ਰੋਡ ਤੋਂ ਅਣਪਛਾਤੇ ਮੋਟਰਸਾਈਕਲ ਸਵਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਇਸ ਕਾਰਨ ਉਹ ਚੋਏ ਡਿੱਗ ਪਿਆ। ਉਸ ਦੀਆਂ ਦੋਵੇਂ ਲੱਤਾਂ ਫਰੈਕਚਰ ਹੋ ਗਈਆਂ ਤੇ ਚੂਲੇ ’ਤੇ ਵੀ ਸੱਟ ਲੱਗੀ। ਰਾਹਗੀਰਾਂ ਨੇ ਉਸ ਨੂੰ ਸਿਵਲ ਹਸਪਤਾਲ ਪਹੁੰਚਾਇਆ ਜਿੱਥੋਂ ਉਸ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ ਗਿਆ। ਪੁਲੀਸ ਨੇ ਕੇਸ ਦਰਜ ਕਰ ਕੇ ਮਾਮਲੇ ਦੀ ਤਫਤੀਸ਼ ਸਹਾਇਕ ਥਾਣੇਦਾਰ ਨਾਜ਼ਰ ਸਿੰਘ ਨੂੰ ਸੌਂਪੀ ਹੈ।