ਪੀਪੀ ਵਰਮਾ
ਪੰਚਕੂਲਾ, 19 ਸਤੰਬਰ
ਹਰਿਆਣਾ ਸਰਕਾਰ ਨੇ ਮਾਪਿਆਂ ਦੀ ਮਨਜ਼ੂਰੀ ਤੋਂ ਬਾਅਦ 21 ਸਤੰਬਰ ਤੋਂ ਨੌਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਵੈਇੱਛਾ ਨਾਲ ਸਕੂਲ ਆਉਣ ਦੀ ਆਗਿਆ ਦਿੱਤੀ ਹੈ। ਸਰਕਾਰ ਨੇ ਇਸ ਲਈ ਰਾਜ ਦੇ ਸਾਰੇ ਸਕੂਲਾਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤਾ ਹੈ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਵਿਦਿਆਰਥੀਆਂ ਦੇ ਸੰਪਰਕ ਵਿਚ ਆਉਣ ਵਾਲੇ 80 ਹਜ਼ਾਰ ਅਧਿਆਪਕਾਂ ਦਾ ਕਰੋਨਾ ਟੈਸਟ ਕਰਵਾਇਆ ਜਾਏਗਾ। ਇਸ ਮਿਆਦ ਦੌਰਾਨ ਸਿਰਫ ਉਨ੍ਹਾਂ ਅਧਿਆਪਕਾਂ ਨੂੰ ਬੈਠਣ ਦੀ ਆਗਿਆ ਦਿੱਤੀ ਜਾਏਗੀ, ਜਿਨ੍ਹਾਂ ਦੀ ਕਰੋਨਾ ਰਿਪੋਰਟ ਨੈਗੇਟਿਵ ਆਵੇਗੀ। ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਬੱਚੇ, ਜੋ ਸਕੂਲ ਅਧਿਆਪਕ ਨਾਲ ਸਲਾਹ ਲਈ ਸਕੂਲ ਆਉਣਾ ਚਾਹੁੰਦੇ ਹਨ, ਉਹ ਸਾਰੇ ਮਾਪਿਆਂ ਦੀ ਲਿਖਤੀ ਰੂਪ ਵਿੱਚ ਸਹਿਮਤੀ ਦੇਣਗੇ। ਇਸ ਤੋਂ ਇਲਾਵਾ ਸਕੂਲ ਦੇ ਸਮੂਹ ਅਧਿਆਪਕਾਂ ਅਤੇ ਹੋਰ ਕਰਮਚਾਰੀਆਂ ਦੇ ਮੋਬਾਈਲ ‘ਤੇ ਅਰੋਗਿਆ ਸੇਤੂ ਐਪ ਡਾਊਨਲੋਡ ਕਰਨਾ ਲਾਜ਼ਮੀ ਹੋਵੇਗਾ।