ਅਨਿਲ ਸ਼ਰਮਾ
ਰੋਹਤਕ, 14 ਜੁਲਾਈ
ਅੱਜ ਕਿਸਾਨਾਂ ਨੇ ਭਾਜਪਾ ਦੇ ਸਾਬਕਾ ਮੰਤਰੀ ਮਨੀਸ਼ ਗਰੋਵਰ ਨੂੰ ਹਿਸਾਰ ਵਿੱਚ ਕਿਸਾਨਾਂ ਦੇ ਪ੍ਰਦਰਸ਼ਨ ਦੌਰਾਨ ਔਰਤਾਂ ਵੱਲ ਕਥਿਤ ਇਸ਼ਾਰਾ ਕਰਨ ਲਈ ਮੁਆਫੀ ਮੰਗਣ ਲਈ 24 ਘੰਟੇ ਦਾ ਅਲਟੀਮੇਟਮ ਦਿੱਤਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜੇ ਸਾਬਕਾ ਮੰਤਰੀ ਸਮੇਂ ਸਿਰ ਮੁਆਫੀ ਨਹੀਂ ਮੰਗਦੇ ਤਾਂ ਅੰਦੋਲਨ ਨੂੰ ਤੇਜ਼ ਕੀਤਾ ਜਾਵੇਗਾ। ਕਿਸਾਨਾਂ ਨੇ ਸਾਬਕਾ ਮੰਤਰੀ ਦੀ ਰਿਹਾਇਸ਼ ਵੱਲ ਜਾਣ ਵਾਲੇ ਚੌਰਾਹੇ ’ਤੇ ਡੇਰਾ ਲਾਇਆ ਹੋਇਆ ਹੈ ਅਤੇ ਇਥੇ ਔਰਤਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਪੁਲੀਸ ਨੇ ਕਿਸਾਨਾਂ ਅਤੇ ਔਰਤਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਦੋਵਾਂ ਧਿਰਾਂ ਇੱਕ-ਦੂਜੇ ਦੇ ਸਾਹਮਣੇ ਆ ਗਈਆਂ ਹਨ। ਸਥਿਤੀ ਦੇ ਮੱਦੇਨਜ਼ਰ ਭਾਰੀ ਪੁਲੀਸ ਫੋਰਸ ਤਾਇਨਾਤ ਕੀਤੀ ਗਈ ਹੈ। ਸਾਬਕਾ ਮੰਤਰੀ ਸ਼ਹਿਰ ਤੋਂ ਬਾਹਰ ਹੈ। ਸਾਬਕਾ ਮੰਤਰੀ ਨੇ ਅਫਸੋਸ ਜ਼ਾਹਰ ਕਰਦਿਆਂ ਆਪਣੀ ਵੀਡੀਓ ਵੀ ਜਾਰੀ ਕੀਤੀ ਸੀ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਉਸ ਨੂੰ ਇਥੇ ਆ ਕੇ ਸਾਰਿਆਂ ਵਿੱਚ ਮੁਆਫੀ ਮੰਗਣੀ ਹੋਵੇਗੀ। ਸ਼ਹਿਰ ਦੇ ਵਿਚਕਾਰ ਸੁਭਾਸ਼ ਚੰਦਰ ਚੌਕ ਵਿਖੇ ਸਥਿਤ ਚੌਰਾਹੇ ਨੇੜੇ ਕਿਸਾਨ ਸਾਰੀ ਰਾਤ ਤੋਂ ਡਟੇ ਹੋਏ ਹਨ ਤੇ ਤੰਬੂ ਗੱਡ ਦਿੱਤੇ ਹਨ। ਇਥੇ ਹੀ ਲੰਗਰ ਚੱਲ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਸਾਬਕਾ ਮੰਤਰੀ ਨੇ ਔਰਤਾਂ ਦਾ ਅਪਮਾਨ ਕੀਤਾ ਹੈ।