ਪੱਤਰ ਪ੍ਰੇਰਕ
ਯਮੁਨਾਨਗਰ, 8 ਅਪਰੈਲ
ਸ਼ਹੀਦ ਭਗਤ ਸਿੰਘ ਪਾਰਕ ਵਿੱਚ 1857 ਗਦਰ ਲਹਿਰ ਦੇ ਨਾਇਕ ਸ਼ਹੀਦ ਮੰਗਲ ਪਾਂਡੇ ਦਾ ਸ਼ਹੀਦੀ ਦਿਵਸ ਸ਼ਰਧਾ ਨਾਲ ਮਨਾਇਆ ਗਿਆ । ਮੁੱਖ ਮਹਿਮਾਨ ਵਜੋਂ ਮੰਗਲ ਪਾਂਡੇ ਦੇ ਵੰਸ਼ਜ ਦੇਵੀ ਦਿਆਲ ਪਾਂਡੇ, ਵਿਸ਼ੇਸ਼ ਮਹਿਮਾਨ ਵਜੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਾਜੇਸ਼ ਸਪਰਾ ਅਤੇ ਡਿਪਟੀ ਮੇਅਰ ਰਾਣੀ ਕਾਲੜਾ ਮੌਜੂਦ ਸਨ। ਜਦਕਿ ਸਮਾਗਮ ਦੀ ਪ੍ਰਧਾਨਗੀ ਸਮਾਜ ਹਿੱਤਕਾਰੀ ਸੰਗਠਨ ਦੇ ਪ੍ਰਧਾਨ ਰੋਸ਼ਨ ਲਾਲ ਸ਼ਰਮਾ ਨੇ ਕੀਤੀ। ਮਿਊਸਪਲ ਕਮਿਸ਼ਨਰ ਸੁਰਿੰਦਰ ਸ਼ਰਮਾ ਅਤੇ ਮੁਕੰਦ ਲਾਲ ਨੈਸ਼ਨਲ ਕਾਲਜ ਦੇ ਪ੍ਰੋਫੈਸਰ ਐੱਸਸੀ ਸ਼ਰਮਾ ਨੇ ਸ਼ਹੀਦ ਮੰਗਲ ਪਾਂਡੇ ਦੇ ਜੀਵਨ ਅਤੇ ਉਨ੍ਹਾਂ ਦੇ ਬਲੀਦਾਨ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਨ 1857 ਦੀ ਕ੍ਰਾਂਤੀ ਦੀ ਨੀਂਹ ਉਨ੍ਹਾਂ ਨੇ ਰੱਖੀ ਜਿਸ ਨੂੰ ਝਾਂਸੀ ਦੀ ਰਾਣੀ ਅਤੇ ਹੋਰ ਕ੍ਰਾਂਤੀਕਾਰੀਆਂ ਨੇ ਅੱਗੇ ਵਧਾਇਆ । ਸਮਾਗਮ ਵਿੱਚ ਸੁਤੰਤਰਤਾ ਸੈਨਾਨੀ ਪਰਿਵਾਰ ਕਲਿਆਣ ਸਮਿਤੀ ਦੇ ਪ੍ਰਧਾਨ ਐੱਮਐੱਸ ਵਰਮਾ, ਸੰਜੇ ਬਖਸ਼ੀ, ਭਗਤ ਸਿੰਘ ਪਾਰਕ ਦੇ ਪ੍ਰਧਾਨ ਐੱਮਸੀ ਗੰਭੀਰ, ਹਰਿਆਣਾ ਰੋਡਵਜ਼ ਯੁਨੀਅਨ ਦੇ ਪਰਧਾਨ ਸੰਜੀਵ ਕੰਬੋਜ ਅਤੇ ਸ਼ੂਗਰ ਮਿਲ ਦੇ ਨੇਤਾ ਮੁਕੇਸ਼ ਤਿਆਗੀ ਨੇ ਵੀ ਸ਼ਰਧਾਂਜਲੀਆਂ ਭੇਟ ਕੀਤੀਆਂ ਅਤੇ ਕਿਹਾ ਇਸ ਆਜ਼ਾਦੀ ਅਤੇ ਭਾਈਚਾਰੇ ਨੂੰ ਬਣਾ ਕੇ ਰਖਣਾ ਸਾਡੇ ਸਾਰਿਆਂ ਦਾ ਫਰਜ਼ ਹੈ। ਇਸ ਮੌਕੇ ਆਗੂਆਂ ਨੇ ਆਪਣੇ ਵਰਕਰਾਂ ਨੂੰ ਹੋਰਨਾਂ ਲੋਕਾਂ ਨੂੰ 1857 ਦੀ ਕ੍ਰਾਂਤੀ ਬਾਰੇ ਜਾਗਰੂਕ ਕਰਨ ਲਈ ਕਿਹਾ।