ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 16 ਅਪਰੈਲ
ਇਥੇ ਸਤਲੁਜ ਸੀਨਅਰ ਸੈਕੰਡਰੀ ਸਕੂਲ ਵਿੱਚ ਪੜ੍ਹਾਈ ’ਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਕਰਨ ਲਈ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸਮਾਜ ਸੇਵੀ ਸੰਦੀਪ ਗਰਗ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿਹਾ ਕਿ ਵਿਦਿਆ ਮਨੁੱਖ ਨੂੰ ਸੁੰਦਰ ਤੇ ਸੱਭਿਆਚਾਰਕ ਬਣਾਉਂਦੀ ਹੈ। ਸਿੱਖਿਆ ਨਾਲ ਹਲੀਮੀ ਦੀ ਭਾਵਨਾ ਪੈਦਾ ਹੁੰਦੀ ਹੈ ਜੋ ਮਨੁੱਖ ਦੀ ਯੋਗਤਾ ਦੀ ਕਸੌਟੀ ਹੈ। ਉਨ੍ਹਾਂ ਕਿਹਾ ਕਿ ਚਾਹੇ ਮਨੁੱਖ ਕਿੰਨਾ ਵੀ ਸੋਹਣਾ ਤੇ ਤਾਕਤਵਰ ਕਿਉਂ ਨਾ ਹੋਵੇ, ਜੇ ਉਹ ਅਨਪੜ੍ਹ ਹੈ ਤਾਂ ਉਸ ਦਾ ਜੀਵਨ ਅਧੂਰਾ ਹੈ। ਅਸਲ ਵਿੱਚ ਵਿੱਦਿਆ ਦਾਨ ਹੀ ਸਭ ਤੋਂ ਵੱਡਾ ਦਾਨ ਹੈ। ਗਰਗ ਨੇ ਵਿਦਿਆਰਥੀਆਂ ਨੂੰ ਆਪਣੇ ਜੀਵਨ ਵਿੱਚ ਅੱਗੇ ਵੱਧਣ ਲਈ ਪ੍ਰੇਰਿਆ। ਉਨ੍ਹਾਂ ਨੇ ਪੜ੍ਹਾਈ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਇਹ ਵਿਦਿਆਰਥੀ ਪੂਰਾ ਸਾਲ ਸਖ਼ਤ ਮਿਹਨਤ ਕਰ ਕੇ ਇਸ ਸਨਮਾਨ ਸਮਾਗਮ ਦਾ ਹਿੱਸਾ ਬਣੇ ਹਨ। ਵਿਸ਼ੇਸ਼ ਮਹਿਮਾਨ ਰਾਜ ਕੁਮਾਰ ਗਰਗ ਨੇ ਵੀ ਵਿਦਿਆਰਥੀ ਜੀਵਨ ਦੀਆਂ ਯਾਦਾਂ ਬੱਚਿਆਂ ਨਾਲ ਸਾਂਝੀਆਂ ਕੀਤੀਆਂ। ਪੜ੍ਹਾਈ ਵਿੱਚ ਵਿਸ਼ੇਸ਼ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਆ ਗਿਆ। ਇਸ ਮੌਕੇ ਬੱਚਿਆਂ ਵਲੋਂ ਸੰਸਕ੍ਰਿਤਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਜਿਸ ਵਿੱਚ ਹਰਿਆਣਵੀ ਨਾਚ, ਪੰਜਾਬੀ ਗਿੱਧਾ, ਰਾਜਸਥਾਨੀ ਨਾਚ, ਕੋਰੀਓਗਰਾਫੀ ਤੇ ਪੰਜਾਬੀ ਲੋਕ ਗੀਤ ਖਿੱਚ ਦਾ ਕੇਂਦਰ ਰਹੇ। ਸਕੂਲ ਦੀ ਪ੍ਰਬੰਧਕ ਕਮੇਟੀ ਵਲੋਂ ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਮੰਚ ਦਾ ਸੰਚਾਲਨ ਦੀਪਕਾ ਬਜਾਜ ਤੇ ਰਜਨੀ ਚੌਧਰੀ ਨੇ ਬਾਖੂਬੀ ਕੀਤਾ।