ਪੱਤਰ ਪ੍ਰੇਰਕ
ਫਰੀਦਾਬਾਦ, 20 ਜਨਵਰੀ
ਹਰਿਆਣਾ ਮਹਿਲਾ ਕਮਿਸ਼ਨ ਦੀ ਮੈਂਬਰ ਰੇਨੂ ਭਾਟੀਆ ਨੂੰ ਤਰੱਕੀ ਦੇ ਕੇ ਹਰਿਆਣਾ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨਿਯੁਕਤ ਕੀਤਾ ਗਿਆ ਹੈ। ਇੱਥੋਂ ਦੇ ਐੱਨਆਈਟੀ ਫਰੀਦਾਬਾਦ ਦੇ ਨੰਬਰ ਇੱਕ ਬਾਜ਼ਾਰ ਵਿੱਚ ਰਹਿੰਦੀ ਰੇਨੂ ਭਾਟੀਆ ਪੰਜਾਬੀ ਭਾਈਚਾਰੇ ਦਾ ਜਾਣਿਆ-ਪਛਾਣਿਆ ਨਾਮ ਹੈ। ਰੇਨੂ ਭਾਟੀਆ ਨੇ ਪੰਜਾਬੀ ਫ਼ਿਲਮਾਂ ਤੇ ਦੂਰਦਰਸ਼ਨ ਲਈ ਕੰਮ ਕੀਤਾ ਅਤੇ ਫਿਰ ਭਾਜਪਾ ਨਾਲ ਪੱਕੇ ਤੌਰ ’ਤੇ ਜੁੜ ਗਈ। ਮੂਲ ਰੂਪ ਵਿੱਚ ਕਸ਼ਮੀਰੀ ਪਰਿਵਾਰਕ ਪਿਛੋਕੜ ਵਾਲੀ ਰੇਨੂ ਨੇ ਨਗਰ ਨਿਗਮ ਫਰੀਦਾਬਾਦ ਦੀਆਂ ਚੋਣਾਂ ਵਿੱਚ ਵੀ ਹਿੱਸਾ ਲਿਆ ਪਰ ਸਫਲ ਨਹੀਂ ਹੋ ਸਕੀ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਕਰੀਬੀ ਭਾਟੀਆ ਦਾ ਗੁਣ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵਜੋਂ ਪਿਆ। ਉਨ੍ਹਾਂ ਦੇ ਪਤੀ ਚਿੱਤਰਕਾਰ ਹਨ। ਰੇਨੂ ਭਾਟੀਆ ਨੇ ਕਿਹਾ ਕਿ ਉਹ ਮਹਿਲਾਵਾਂ ਦੀਆਂ ਸਮੱਸਿਆਵਾਂ ਵੱਲ ਵਿਸ਼ੇਸ਼ ਤਵੱਜੋਂ ਦੇਵੇਗੀ ਤੇ ਔਰਤਾਂ ਦੇ ਹੱਕਾਂ ਲਈ ਉਨ੍ਹਾਂ ਨੂੰ ਜਾਗਰੂਕ ਕੀਤਾ ਜਾਵੇਗਾ। ਨਿਗਮ ਕੌਂਸਲਰ ਜਸਵੰਤ ਸਿੰਘ ਨਾਗਰਾ, ਸਿੱਖ ਸਮਾਜ ਸੇਵੀ ਸੁਖਦੇਵ ਸਿੰਘ ਖ਼ਾਲਸਾ ਤੇ ਘੱਟ ਗਿਣਤੀ ਵਿਦਿਅਕ ਸੰਸਥਾਵਾਂ ਕਮਿਸ਼ਨ ਦੇ ਸਾਬਕਾ ਜ਼ਿਲ੍ਹਾ ਕੋਆਰਡੀਨੇਟਰ ਮੰਗਲ ਸਿੰਘ ਔਜਲਾ ਤੇ ਸਿੰਘ ਸਭਾ ਸੈਕਟਰ-15 ਦੀ ਪ੍ਰਧਾਨ ਰਾਣਾ ਭੱਟੀ ਨੇ ਇਸ ਨਿਯੁਕਤੀ ਨੂੰ ਪੰਜਾਬੀਆਂ ਦਾ ਮਾਣ ਕਰਾਰ ਦਿੱਤਾ ਹੈ।