ਪੱਤਰ ਪ੍ਰੇਰਕ
ਫਰੀਦਾਬਾਦ, 29 ਅਗਸਤ
ਮਾਨਵ ਰਚਨਾ ਐਜੂਕੇਸ਼ਨਲ ਇੰਸਟੀਚਿਊਟ ਨੇ ਹਾਕੀ ਦੇ ਜਾਦੂਗਰ ਵਜੋਂ ਜਾਣੇ ਜਾਂਦੇ ਮਹਾਨ ਮੇਜਰ ਧਿਆਨ ਚੰਦ ਦੇ ਜਨਮ ਦਿਨ ਦੀ ਯਾਦ ਵਿੱਚ ਰਾਸ਼ਟਰੀ ਖੇਡ ਦਿਵਸ ਮਨਾਇਆ। ਇਸ ਮੌਕੇ ਮਾਨਵ ਰਚਨਾ ਖੇਡ ਵਿਗਿਆਨ ਕੇਂਦਰ ਵੱਲੋਂ ਵਿਅਕਤੀਗਤ ਉੱਤਮਤਾ ਅਤੇ ਵਿਕਾਸ ਵਿੱਚ ਖੇਡਾਂ ਦੇ ਯੋਗਦਾਨ ਨੂੰ ਉਜਾਗਰ ਕਰਨ ਲਈ ‘ਸਪੋਰਟਸ ਕਾਰਨੀਵਲ’ ਦਾ ਆਯੋਜਨ ਕੀਤਾ ਗਿਆ। ਵਿਦਿਆਰਥੀਆਂ ਨੇ ਆਰਮ ਰੈਸਲਿੰਗ, ਟੱਗ ਆਫ ਵਾਰ, ਕੈਚ ਦਿ ਬਾਲ, ਸਿੰਗਲ ਵਿਕਟ ਥ੍ਰੋਅ ਅਤੇ ਹਾਕੀ ਸਲੈਲੋਮ ਦੌੜ ਵਰਗੀਆਂ ਗਤੀਵਿਧੀਆਂ ਵਿੱਚ ਹਿੱਸਾ ਲਿਆ। ਓਲੰਪਿਕ ਤਗ਼ਮਾ ਜੇਤੂ, ਸਾਬਕਾ ਸ਼ੂਟਿੰਗ ਅਥਲੀਟ ਤੇ ਸੇਵਾਮੁਕਤ ਭਾਰਤੀ ਫੌਜ ਦੇ ਅਧਿਕਾਰੀ ਕਰਨਲ ਰਾਜਵਰਧਨ ਸਿੰਘ ਰਾਠੌਰ ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਡਾ. ਅਮਿਤ ਭੱਲਾ, ਮੀਤ ਪ੍ਰਧਾਨ ਐੱਮਆਰਈਆਈ, ਰੰਜਨ ਸੋਡੀ (ਭਾਰਤੀ ਡਬਲ ਟ੍ਰੈਪ ਸ਼ੂਟਰ) ਸਰਕਾਰ ਤਲਵਾਰ ਸਮੇਤ ਹੋਰ ਪਤਵੰਤਿਆਂ, ਅਧਿਆਪਕਾਂ, ਵਿਦਿਆਰਥੀਆਂ ਤੇ ਪ੍ਰਤੀਯੋਗੀਆਂ ਨੇ ਸਮਾਗਮ ਵਿੱਚ ਹਿੱਸਾ ਲਿਆ। ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕਰਨਲ ਰਾਜਵਰਧਨ ਸਿੰਘ ਰਾਠੌਰ ਨੇ ਕਿਹਾ ਕਿ ਇਹ ਖੇਡਾਂ ਦੇ ਇਤਿਹਾਸ ਵਿੱਚ ਇੱਕ ਯਾਦਗਾਰ ਦਿਨ ਹੈ ਕਿਉਂਕਿ ਅਸੀਂ ਮੇਜਰ ਧਿਆਨ ਚੰਦ ਦਾ ਜਨਮ ਦਿਨ ਮਨਾਉਂਦੇ ਹਾਂ ਅਤੇ ਇੱਥੇ ਇੰਨੇ ਉਤਸ਼ਾਹ ਨਾਲ ਖੇਡ ਮੇਲੇ ਦਾ ਆਯੋਜਨ ਦੇਖ ਕੇ ਉਨ੍ਹਾਂ ਨੂੰ ਖੁਸ਼ੀ ਹੋਈ ਹੈ। ਇਹ ਸੱਚ ਹੈ ਕਿ ਸਿੱਖਣਾ ਸਿਰਫ਼ ਸਿੱਖਿਆ ਤੱਕ ਹੀ ਸੀਮਤ ਨਹੀਂ ਹੈ ਕਿਉਂਕਿ ਖੇਡਾਂ ਅਤੇ ਹੋਰ ਗਤੀਵਿਧੀਆਂ ਸਰਵਪੱਖੀ ਵਿਕਾਸ ਵਿੱਚ ਪ੍ਰਮੁੱਖ ਭੂਮਿਕਾ ਨਿਭਾਉਂਦੀਆਂ ਹਨ। ਲੈਫਟੀਨੈਂਟ ਜਨਰਲ ਆਰਕੇ ਆਨੰਦ ਨੇ ਕਿਹਾ ਕਿ ਖੇਡ ਵਿਦਿਆਰਥੀਆਂ ਵਿੱਚ ਛੁਪੇ ਹੋਏ ਗੁਣਾਂ ਨੂੰ ਬਾਹਰ ਲਿਆਉਂਦੀ ਹੈ ਅਤੇ ਉਨ੍ਹਾਂ ਨੂੰ ਇੱਕ ਟੀਮ ਵਿੱਚ ਖੇਡਣ ਦਾ ਮੌਕਾ ਦਿੰਦੀ ਹੈ।
ਸਕੂਲ ਵਿੱਚ ਖੇਡ ਮੁਕਾਬਲੇ ਕਰਵਾਏ
ਪਿਹੋਵਾ (ਪੱਤਰ ਪ੍ਰੇਰਕ): ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦੇ ਜਨਮ ਦਿਨ ਅਤੇ ਰਾਸ਼ਟਰੀ ਖੇਡ ਦਿਵਸ ਮੌਕੇ ਰੋਟਰੀ ਕਲੱਬ ਵੱਲੋਂ ਅਕਸ਼ਰਾ ਇੰਟਰਨੈਸ਼ਨਲ ਪਬਲਿਕ ਸਕੂਲ ਵਿੱਚ ਖੇਡ ਮੁਕਾਬਲੇ ਕਰਵਾਏ ਗਏ| ਇਸ ਵਿੱਚ ਐੱਸਡੀਐੱਮ ਸੋਨੂੰ ਰਾਮ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਰੋਟਰੀ ਕਲੱਬ ਦੇ ਪ੍ਰਧਾਨ ਰਾਜੀਵ ਥਰੇਜਾ ਨੇ ਕਿਹਾ ਕਿ ਕਲੱਬ ਮੈਂਬਰਾਂ ਵੱਲੋਂ ਦੋ ਟੀਮਾਂ ਵਿੱਚ ਵੰਡ ਕੇ ਕ੍ਰਿਕਟ ਮੈਚ ਕਰਵਾਇਆ ਗਿਆ। ਇਸ ਮੈਚ ਵਿੱਚ ਬਲਾਸਟਰ ਟੀਮ ਨੇ ਸਮਸ਼ੇਰ ਟੀਮ ਨੂੰ 17 ਦੌੜਾਂ ਨਾਲ ਹਰਾਇਆ। ਐਡਵੋਕੇਟ ਕਰਨ ਚਾਵਲਾ ਨੂੰ ਮੈਨ ਆਫ ਦਾ ਮੈਚ ਐਲਾਨਿਆ ਗਿਆ। ਔਰਤਾਂ ਦੇ ਮੁਕਾਬਲੇ ਵਿੱਚ ਬਾਲ ਦੌੜ ਵਿੱਚ ਡਾ. ਦੀਪਿਕਾ ਅਰੋੜਾ ਦੀ ਟੀਮ ਨੂੰ ਜੇਤੂ ਐਲਾਨਿਆ ਗਿਆ। ਔਰਤਾਂ ਦੀ ਦੌੜ ਵਿੱਚ ਡਾ. ਦੀਪਿਕਾ ਅਰੋੜਾ, ਡਾ: ਸਿਮਰਨ ਸੰਧੂ ਅਤੇ ਸ਼ਾਲੂ ਜੇਤੂ ਰਹੇ | ਬੱਚਿਆਂ ਦੀ ਦੌੜ ਵਿੱਚ 12 ਸਾਲ ਤੱਕ ਦੇ ਬੱਚਿਆਂ ਅਯਾਨ, ਅਸਥਾਵਰ ਸਿੰਘ ਅਤੇ ਇਨਾਇਆ ਨੇ ਆਪਣੀ ਜਿੱਤ ਝੋਲੀ ’ਚ ਪਾਈ। ਟਾਸਕ ਦੌੜ ਵਿੱਚ ਵਾਸੂ ਅਤੇ ਦਕਸ਼ ਭੱਲਾ ਅਤੇ ਦੂਜੀ ਦੌੜ ਵਿੱਚ ਵਾਸੂ, ਰਿਹਾਨ, ਗੁਣਵੀਤ ਨੂੰ ਜੇਤੂ ਐਲਾਨਿਆ ਗਿਆ। ਬੈਡਮਿੰਟਨ ਵਿੱਚ ਗੌਰਵ ਬਾਂਸਲ, ਰਾਜੀਵ ਥਰੇਜਾ ਅਤੇ ਔਰਤਾਂ ਵਿੱਚ ਕਵਿਤਾ ਤਨੇਜਾ, ਸ਼ਿਵਾਨੀ ਚਾਵਲਾ, ਨੀਰਜ ਪੁਰੀ ਅਤੇ ਡਾ: ਸਿਮਰਨ ਸੰਧੂ ਜੇਤੂ ਰਹੇ। ਸਕੂਲ ਦੇ ਐਮਡੀ ਬਲਦੇਵ ਰਾਜ ਕਾਹੜਾ ਨੇ ਜੇਤੂ ਨੂੰ ਸਨਮਾਨਿਤ ਕੀਤਾ।