ਪੱਤਰ ਪ੍ਰੇਰਕ
ਗੂਹਲਾ ਚੀਕਾ, 25 ਜਨਵਰੀ
ਚੀਕਾ ਦੇ ਸ਼ਹੀਦ ਊਧਮ ਸਿੰਘ ਚੌਕ ’ਤੇ ਜਬਰ-ਜਨਾਹ ਦੋਸ਼ ਹੇਠ ਸਾਬਕਾ ਵਿਧਾਇਕ ਕੁਲਵੰਤ ਬਾਜ਼ੀਗਰ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਬੀਤੇ ਪੰਜ ਦਿਨਾਂ ਤੋਂ ਪੀੜਤ ਔਰਤ, ਉਸ ਦੇ ਪਤੀ ਤੇ ਧੀ ਵੱਲੋਂ ਲਾਇਆ ਧਰਨਾ ਲਗਾਤਾਰ ਜਾਰੀ ਹੈ। ਅੱਜ ਧਰਨੇ ਦੇ ਪੰਜਵੇਂ ਦਿਨ ਅੱਜ ਪੀੜਤਾ ਦੀ ਧੀ ਨੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਭੁੱਖ ਹੜਤਾਲ ਸ਼ੁਰੂ ਕਰਨ ਦੌਰਾਨ ਪੀੜਤਾ ਦੀ ਧੀ ਨੇ ਦੱਸਿਆ ਕਿ ਉਹ ਯੂਪੀਐੱਸਸੀ ਦੀ ਤਿਆਰੀ ਕਰ ਰਹੀ ਹੈ। ਹੁਣ ਆਪਣੀ ਮਾਂ ਨੂੰ ਇਨਸਾਫ਼ ਦਿਵਾਉਣ ਲਈ ਉਹ ਨਾ ਸਿਰਫ਼ ਧਰਨੇ ’ਤੇ ਬੈਠੀ ਰਹੇਗੀ ਸਗੋਂ ਅੱਜ ਤੋਂ ਭੁੱਖ ਹੜਤਾਲ ਵੀ ਸ਼ੁਰੂ ਕਰ ਰਹੀ ਹੈ। ਉਸ ਨੇ ਦੱਸਿਆ ਕਿ ਉਸ ਭੁੱਖ ਹੜਤਾਲ ਅਣਮਿੱਥੇ ਸਮੇਂ ਲਈ ਹੈ। ਇਸ ਦੌਰਾਨ ਉਸ ਨੇ ਐਲਾਨ ਕੀਤਾ ਕਿ ਜਦੋਂ ਤੱਕ ਜਬਰ ਜਨਾਹ ਦੇ ਮਾਮਲੇ ਵਿੱਚ ਸਾਬਕਾ ਵਿਧਾਇਕ ਦੀ ਗ੍ਰਿਫ਼ਤਾਰੀ ਨਹੀਂ ਹੁੰਦੀ ਉਦੋਂ ਤੱਕ ਉਹ ਭੁੱਖ ਹੜਤਾਲ ’ਤੇ ਰਹੇਗੀ। ਉਸ ਨੇ ਕਿਹਾ ਕਿ ਉਨ੍ਹਾਂ ਦੀ ਸੁਣਵਾਈ ਨਹੀਂ ਕੀਤੀ ਜਾ ਰਹੀ। ਭਾਜਪਾ ਦੇ ਸਾਬਕਾ ਵਿਧਾਇਕ ਨੂੰ ਸਰਕਾਰ ਅਤੇ ਪਾਰਟੀ ਦਾ ਅੰਦਰੂਨੀ ਸਮਰਥਨ ਪ੍ਰਾਪਤ ਹੈ। ਇਸ ਲਈ ਮੁਲਜ਼ਮ ’ਤੇ ਹਾਲੇ ਤੱਕ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਸਰਕਾਰ ਬੇਟੀਆਂ ਦੇ ਹੱਕਾਂ ਲਈ ਜਿੱਥੇ ਵੱਡੇ ਕਦਮ ਚੁੱਕਣ ਦੀਆਂ ਗੱਲਾਂ ਕਰਦੀ ਹੈ ਉਥੇ ਹੀ ਅੱਜ ਇਨਸਾਫ ਦੀ ਮੰਗ ਲਈ ਦੇਸ਼ ਦੀ ਇੱਕ ਧੀ ਨੂੰ ਭੁੱਖ ਹੜਤਾਲ ’ਤੇ ਜਾਣਾ ਪੈ ਰਿਹਾ ਹੈ। ਉਸ ਨੇ ਕਿਹਾ ਕਿ ਇਹ ਬੇਇਨਸਾਫ਼ੀ ਤੋਂ ਨਿਆਂ ਦੀ ਲੜਾਈ ਹੈ। ਇਕ ਦਿਨ ਜਿੱਤ ਨਿਆਂ ਦੀ ਹੋ ਕੇ ਹੀ ਰਹੇਗੀ। ਉਨ੍ਹਾਂ ਨੇ ਕਿਹਾ ਕਿ ਇਹ ਭੁੱਖ ਹੜਤਾਲ ਪੂਰੀ ਲੋਕਤੰਤਰ ਢੰਗ ਨਾਲ ਸ਼ੁਰੂ ਕੀਤੀ ਗਈ ਹੈ। ਜਾਣਕਾਰੀ ਮੁਤਾਬਿਕ ਧਰਨੇ ਵਾਲੀ ਥਾਂ ’ਤੇ ਵੱਡੀ ਗਿਣਤੀ ਔਰਤਾਂ ਪੁੱਜ ਰਹੀਆਂ ਹਨ।
ਉਪ-ਪੁਲੀਸ ਕਪਤਾਨ ਵੱਲੋਂ ਪੀੜਤ ਪਰਿਵਾਰ ਨਾਲ ਮੁਲਾਕਾਤ
ਅੱਜ ਸ਼ਾਮ ਵੇਲੇ ਉਪ ਪੁਲੀਸ ਕਪਤਾਨ ਗੂਹਲਾ ਕਿਸ਼ੋਰੀ ਲਾਲ ਪੁਲੀਸ ਮੁਲਾਜ਼ਮਾਂ ਨਾਲ ਧਰਨੇ ਵਾਲੀ ਥਾਂ ’ਤੇ ਪਰਿਵਾਰ ਨੂੰ ਸਮਝਾਉਣ ਲਈ ਪੁੱਜੇ। ਇਸ ਦੌਰਾਨ ਉਨ੍ਹਾਂ ਪਰਿਵਾਰ ਨੂੰ ਧਰਨਾ ਖ਼ਤਮ ਕਰਨ ਲਈ ਆਖਿਆ। ਉਨ੍ਹਾਂ ਕਿਹਾ ਕਿ ਐੱਸਆਈਟੀ ਆਪਣਾ ਕੰਮ ਕਰ ਰਹੀ ਹੈ ਤੇ ਇਨਸਾਫ਼ ਦਿਵਾਇਆ ਜਾਵੇਗਾ। ਉਧਰ ਪੀੜਤ ਪਰਿਵਾਰ ਨੇ ਸਾਬਕਾ ਵਿਧਾਇਕ ਦੀ ਗ੍ਰਿਫ਼ਤਾਰੀ ਤੋਂ ਬਿਨਾਂ ਧਰਨਾ ਖ਼ਤਮ ਕਰਨ ਇਨਕਾਰ ਕਰ ਦਿੱਤਾ ਹੈ। ਉਪ ਪੁਲੀਸ ਕਪਤਾਨ ਨੇ ਕਿਹਾ ਕਿ ਪੁਲੀਸ ਵੱਲੋਂ ਐੱਸਆਈਟੀ ਜਾਂਚ ਕਰ ਰਹੀ ਹੈ। ਜਾਂਚ ਮਗਰੋਂ ਮਾਮਲੇ ਵਿੱਚ ਕਾਰਵਾਈ ਕੀਤੀ ਜਾਵੇਗੀ।