ਰਾਮ ਕੁਮਾਰ ਮਿੱਤਲ
ਚੀਕਾ, 22 ਜਨਵਰੀ
ਐੱਸਆਈਟੀ ਵੱਲੋਂ ਅੱਜ ਸਾਬਕਾ ਵਿਧਾਇਕ ਕੁਲਵੰਤ ਬਾਜ਼ੀਗਰ ’ਤੇ ਜਬਰ ਜਨਾਹ ਦੇ ਦੋਸ਼ ਲਾਉਣ ਵਾਲੀ ਮਹਿਲਾ ਦੇ ਬਿਆਨ ਕਲਮਬੱਧ ਕੀਤੇ ਗਏ। ਉੱਪ ਪੁਲੀਸ ਕਪਤਾਨ ਗੂਹਲਾ ਕਿਸ਼ੋਰੀ ਲਾਲ, ਜਾਂਚ ਦਲ ’ਚ ਸ਼ਾਮਲ ਮਹਿਲਾ ਥਾਣਾ ਮੁਖੀ ਕੈਥਲ ਡਾ. ਦੇਵੀ, ਗੂਹਲਾ ਥਾਣਾ ਮੁਖੀ ਸੁਰੇਸ਼ ਕੁਮਾਰ, ਮਹਿਲਾ ਏਐੱਸਆਈ ਸੁਦੇਸ਼ ਦੀ ਟੀਮ ਨੇ ਅੱਜ ਮਹਿਲਾ ਅਤੇ ਉਨ੍ਹਾਂ ਦੇ ਪਤੀ ਤੋਂ ਜਬਰ ਜਨਾਹ ਦੇ ਮਾਮਲੇ ਵਿੱਚ ਲਾਏ ਗਏ ਦੋਸ਼ਾਂ ਸਬੰਧੀ ਪੁੱਛਗਿੱਛ ਕੀਤੀ। ਉਪ ਪੁਲੀਸ ਕਪਤਾਨ ਗੂਹਲਾ ਕਿਸ਼ੋਰੀ ਲਾਲ ਨੇ ਗਠਿਤ ਟੀਮ ਨੂੰ ਆਜ਼ਾਦ ਰੂਪ ਤੋਂ ਜਾਂਚ ਕਰਨ ਦੀ ਆਗਿਆ ਦਿੱਤੀ। ਜਾਂਚ ਉਪਰੰਤ ਮਹਿਲਾ ਨੇ ਦੱਸਿਆ ਕਿ ਉਨ੍ਹਾਂ ਨੇ ਪੁਲੀਸ ਨੂੰ ਮਾਮਲੇ ਦੀ ਜਾਣਕਾਰੀ ਦੇ ਦਿੱਤੀ ਹੈ। ਪੁਲੀਸ ਦੁਆਰਾ ਉਨ੍ਹਾਂ ਨੂੰ ਕਾਰਵਾਈ ਦਾ ਭਰੋਸਾ ਦਿੱਤਾ ਗਿਆ ਹੈ। ਮਹਿਲਾ ਦੇ ਪਤੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਧਰਨਾ ਖਤਮ ਨਹੀਂ ਕੀਤਾ ਗਿਆ, ਜਦੋਂ ਤੱਕ ਪੁਲੀਸ ਦੁਆਰਾ ਸਾਬਕਾ ਵਿਧਾਇਕ ਕੁਲਵੰਤ ਬਾਜ਼ੀਗਰ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਨੂੰ ਨੀਆਂ ਨਹੀਂ ਮਿਲਦਾ ਤੱਦ ਤੱਕ ਧਰਨਾ ਉਸੇ ਤਰ੍ਹਾਂ ਜਾਰੀ ਰਹੇਗਾ। ਹਾਲਾਂਕਿ ਇਸ ਮਾਮਲੇ ਵਿੱਚ ਖਬਰ ਲਿਖੇ ਜਾਣ ਤੱਕ ਮਹਿਲਾ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਦੁਆਰਾ ਧਰਨਾ ਜਾਰੀ ਸੀ।
ਸਾਬਕਾ ਆਈਜੀ ਰਣਬੀਰ ਸ਼ਰਮਾ ਵੱਲੋਂ ਮਹਿਲਾ ਦਾ ਸਮਰਥਨ
ਸਾਬਕਾ ਆਈਜੀ ਰਣਬੀਰ ਸਿੰਘ ਸ਼ਰਮਾ ਨੇ ਅੱਜ ਚੀਕਾ ਦੇ ਸ਼ਹੀਦ ਉਧਮ ਸਿੰਘ ਚੌਕ ’ਤੇ ਪਹੁੰਚ ਕੇ ਧਰਨੇ ’ਤੇ ਬੈਠੀ ਮਹਿਲਾ ਅਤੇ ਉਸ ਦੇ ਪਰਿਵਾਰ ਨੂੰ ਸਮਰਥਨ ਦਿੱਤਾ। ਉਨ੍ਹਾਂ ਨੇ ਕਿਹਾ ਕਿ ਸਾਬਕਾ ਵਿਧਾਇਕ ਕੁਲਵੰਤ ਬਾਜ਼ੀਗਰ ਵੱਲੋਂ ਮਹਿਲਾ ਨਾਲ ਕੀਤੀ ਬਦਸਲੂਕੀ ਦੀ ਉਹ ਕੜੇ ਸ਼ਬਦਾਂ ਵਿੱਚ ਨਿੰਦਿਆ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਮਹਿਲਾ ਦੇ ਨਾਲ ਕਿਸੇ ਵੀ ਸੂਰਤ ਵਿੱਚ ਬੇਇਨਸਾਫ਼ੀ ਨਹੀਂ ਹੋਣ ਦਿੱਤੀ ਜਾਵੇਗੀ। ਸਾਬਕਾ ਆਈਜੀ ਨੇ ਕਿਹਾ ਕਿ ਜਿਸ ਤਰ੍ਹਾਂ ਤੋਂ ਇਹ ਸਭ ਘਟਨਾ ਵਾਪਰੀ ਹੈ ਉਸ ’ਤੇ ਕਾਰਵਾਈ ਵਿੱਚ ਤੇਜ਼ੀ ਲਿਆਉਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਮੈਜਿਸਟਰੇਟ ਦੇ ਸਾਹਮਣੇ ਮਹਿਲਾ ਦੇ ਬਿਆਨ ਦਰਜ ਹੋਣ ਦੇ ਬਾਅਦ ਉਸ ਦੀ ਕਾਪੀ ਅਗਲੀ ਕਾਰਵਾਈ ਲਈ ਪੁਲੀਸ ਦੇ ਕੋਲ ਆਉਂਦੀ ਹੈ ਤੇ ਫਿਰ ਪੁਲੀਸ ਹੁਕਮਾਂ ਦੇ ਸਾਮਾਨ ਕਾਰਜ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਪੁਲੀਸ ਦੁਆਰਾ ਸਖ਼ਤ ਕਾਰਵਾਈ ਕੀਤੇ ਜਾਣ ਦੀਆਂ ਉਨ੍ਹਾਂ ਨੂੰ ਪੂਰੀਆਂ ਉਮੀਦਾਂ ਹਨ।
ਐੱਸਆਈਟੀ ਸਾਹਮਣੇ ਪੇਸ਼ ਨਹੀਂ ਹੋਇਆ ਸਾਬਕਾ ਵਿਧਾਇਕ
ਉਪ ਪੁਲੀਸ ਕਪਤਾਨ ਗੂਹਲਾ ਕਿਸ਼ੋਰੀ ਲਾਲ ਨੇ ਕਿਹਾ ਕਿ ਮਹਿਲਾ ਅਤੇ ਉਨ੍ਹਾਂ ਦੇ ਪਤੀ ਤੋਂ ਬਿਆਨ ਲਏ ਗਏ ਹਨ। ਸਾਬਕਾ ਵਿਧਾਇਕ ਕੁਲਵੰਤ ਬਾਜ਼ੀਗਰ ਨੂੰ ਵੀ ਆਪਣਾ ਪੱਖ ਰੱਖਣ ਲਈ ਗੂਹਲਾ ਥਾਣੇ ਵਿੱਚ ਐੱਸਆਈਟੀ ਸਾਹਮਣੇ ਬੁਲਾਇਆ ਗਿਆ ਸੀ, ਜੋ ਕਿ ਨਹੀਂ ਆਏ। ਉਨ੍ਹਾਂ ਨੇ ਕਿਹਾ ਕਿ ਮਹਿਲਾ ਨੂੰ ਧਰਨਾ ਖ਼ਤਮ ਕਰਨ ਲਈ ਕਿਹਾ ਗਿਆ ਹੈ। ਮਹਿਲਾ ਨੂੰ ਜੇਕਰ ਕਿਸੇ ਤਰ੍ਹਾਂ ਦੀ ਪੁਲੀਸ ਸੁਰੱਖਿਆ ਦੀ ਜ਼ਰੂਰਤ ਹੈ ਤਾਂ ਉਸਦੇ ਲਈ ਵੀ ਮਹਿਲਾ ਅਤੇ ਉਸਦੇ ਪਤੀ ਨੂੰ ਭਰੋਸਾ ਦਿੱਤਾ ਗਿਆ ਹੈ। ਪੁਲੀਸ ਮਾਮਲੇ ਦੀ ਨਿਰਪੱਖ ਰੂਪ ਤੋਂ ਜਾਂਚ ਕਰ ਰਹੀ ਹੈ। ਕਾਨੂੰਨੀ ਦਾਇਰੇ ਵਿੱਚ ਰਹਿੰਦੇ ਹੋਏ ਜੋ ਵੀ ਕਾਰਵਾਈ ਬਣਦੀ ਹੈ, ਉਹ ਕੀਤੀ ਜਾਵੇਗੀ।