ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 23 ਅਗਸਤ
ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਰਹਿ ਚੁੱਕੀ ਰਾਣੀ ਰਾਮਪਾਲ ਨੇ ਸਤਲੁਜ ਸੀਨੀਅਰ ਸੈਕੰਡਰੀ ਸਕੂਲ ਦੇ ਹਾਕੀ ਖਿਡਾਰੀਆਂ ਨੂੰ ਇਕ ਸਾਦੇ ਸਮਾਗਮ ਵਿਚ ਟਰੈਕ ਸੂਟ ਵੰਡੇ। ਸਕੂਲ ਦੇ ਪ੍ਰਿੰਸੀਪਲ ਡਾ. ਆਰਐੱਸ ਘੁੰਮਣ ਤੇ ਸਟਾਫ ਨੇ ਰਾਣੀ ਰਾਮਪਾਲ ਨੂੰ ਬੁਕੇ ਦਿੱਤੇ। ਭਾਰਤੀ ਹਾਕੀ ਟੀਮ ਦੀ ਕਪਤਾਨ ਰਾਣੀ ਰਾਮਪਾਲ ਨੇ ਬੱਚਿਆਂ ਨੂੰ ਖੇਡ ਪ੍ਰਤੀ ਪ੍ਰੇਰਿਤ ਕਰਦਿਆਂ ਆਪਣੇ ਤਜਰਬੇ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਉਸ ਨੇ ਗਰਮੀ ਸਰਦੀ, ਮੀਂਹ ਆਦਿ ਦੀ ਪ੍ਰਵਾਹ ਕੀਤੇ ਬਿਨਾਂ ਆਪਣਾ ਪੂਰਾ ਸਮਾਂ ਹਾਕੀ ਨੂੰ ਸਮਰਪਿਤ ਕੀਤਾ ਤਾਂ ਅੱਜ ਉਹ ਇਸ ਮੁਕਾਮ ’ਤੇ ਪੁੱਜੀ ਹੈ। ਰਾਣੀ ਨੇ ਆਪਣੀ ਸਫ਼ਲਤਾ ਦਾ ਸਿਹਰਾ ਕੋਚ ਬਲਦੇਵ ਸਿੰਘ ਦੇ ਸਿਰ ਬੰਨ੍ਹਿਆ, ਜਿਨ੍ਹਾਂ ਨੇ ਹੱਡ ਭੰਨਵੀਂ ਮਿਹਨਤ ਕਰਾ ਉਸ ਨੂੰ ਇਸ ਮੁਕਾਮ ’ਤੇ ਪਹੁੰਚਾਇਆ ਹੈ। ਇਸ ਮੌਕੇ ਸਕੂਲ ਪ੍ਰਬੰਧਕ ਮਨੋਜ ਭਸੀਨ, ਹਾਕੀ ਕੋਚ ਸੰਜੀਵ ਕੁਮਾਰ, ਸੰਦੀਪ ਕੁਮਾਰ, ਮਨਿੰਦਰ ਘੁੰਮਣ ਤੇ ਹੋਰ ਪਤਵੰਤੇ ਮੌਜੂਦ ਸਨ।