ਪੱਤਰ ਪ੍ਰੇਰਕ
ਟੋਹਾਣਾ, 1 ਜੂਨ
ਦਵਾਈਆਂ ਦੀ ਕਾਲਾਬਾਜ਼ਾਰੀ ਵਿੱਚ ਨਾਮਜ਼ਦ ਤਿੰਨ ਮੁਲਜ਼ਮਾਂ ਦੀਆਂ ਜ਼ਮਾਨਤਾਂ ਦੀ ਰੀਵਿਜ਼ਨ ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ ਵਧੀਕ ਸੈਸ਼ਨ ਜੱਜ ਵੇਦ ਪ੍ਰਕਾਸ਼ ਸ਼ਰੋਹ ਦੀ ਅਦਾਲਤ ਨੇ ਹੇਠਲੀ ਅਦਾਲਤ ਦੇ ਫੈਸਲੇ ਨੂੰ ਰੱਦ ਕਰਦੇ ਹੋਏ ਤਿੰਨ ਮੁਲਜ਼ਮਾਂ ਨੂੰ ਪੇਸ਼ ਹੋਣ ਦੇ ਆਦੇਸ਼ ਜਾਰੀ ਕਰਨ ਤੋਂ ਇਲਾਵਾ ਐਸ.ਪੀ.ਹਿਸਾਰ ਨੂੰ ਲਿਖਿਆ ਹੈ ਕਿ ਸਰੰਡਰ ਨਾ ਕਰਨ ਦੀ ਸ਼ਰਤ ਵਿੱਚ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਜਾਵੇ। ਜਾਣਕਾਰੀ ਮੁਤਾਬਿਕ ਦੋ ਮਈ ਨੂੰ ਰੈਮਡੇਸਿਵਿਰ ਟੀਕੇ ਦੀ ਕਾਲਾਬਾਜ਼ਾਰੀ ਕਰਨ ’ਤੇ ਪੁਲੀਸ ਨੇ ਹੋਲੀ ਹਸਪਤਾਲ ਦੇ ਮੈਡੀਕਲ ਸਟੋਰ ਸੰਚਾਲਕ ਅਰੁਣ ਖੁਰਾਣਾ ਤੇ ਉਸ ਦੇ ਭਤੀਜੇ ਪਾਰਥ ਖੁਰਾਣਾ ਤੋਂ ਇਲਾਵਾ ਨੈਸ਼ਨਲ ਮੈਡੀਕਲ ਸੰਚਾਲਨ ਮੁਕੇਸ਼ ਨੂੰ ਟੀਕਿਆਂ ਦੀ ਕਾਲਾਬਾਜ਼ਾਰੀ ਕਰਨ ਦੇ ਦੋੋਸ਼ ਹੇਠ ਡਰੱਗ ਕੰਟਰੋਲ ਅਫ਼ਸਰ ਦੀ ਸ਼ਿਕਾਇਤ ’ਤੇ ਗ੍ਰਿਫ਼ਤਾਰ ਕੀਤਾ ਸੀ। ਹੇਠਲੀ ਅਦਾਲਤ ਨੇ ਤਿੰਨਾਂ ਦੀ ਜ਼ਮਾਨਤ ਮਨਜ਼ੂਰ ਕਰਨ ਤੋਂ ਬਾਅਦ ਪੁਲੀਸ ਨੇ ਜ਼ਮਾਨਤ ਰੱਦ ਕਰਨ ਲਈ ਰੀਵਿਜ਼ਨ ਪਟੀਸ਼ਨ ’ਤੇ ਸੈਸ਼ਨ ਜੱਜ ਦੀ ਅਦਾਲਤ ਦਾ ਫੈਸਲਾ ਸਖ਼ਤ ਟਿੱਪਣੀਆਂ ਨਾਲ ਸੁਣਾਇਆ।