ਕੁਲਵਿੰਦਰ ਕੌਰ ਦਿਓਲ
ਫਰੀਦਾਬਾਦ, 28 ਸਤੰਬਰ
ਇੱਥੋਂ ਦੇ ਪੰਜਾਬੀ ਵਸੋਂ ਵਾਲੇ ਇਲਾਕਿਆਂ ਵਿੱਚੋਂ ਵੱਖ-ਵੱਖ ਰੈਲੀਆਂ ਕੱਢਦੇ ਹੋਏ ਨੌਜਵਾਨ ਦੇਰ ਸ਼ਾਮ ਭਗਤ ਸਿੰਘ ਚੌਕ ਵਿੱਚ ਇੱਕਠੇ ਹੋਏ ਤੇ ਸ਼ਹੀਦੇ-ਆਜ਼ਮ ਦੇ ਇਸ ਚੌਕ ਵਿੱਚ ਲੱਗੇ ਬੁੱਤ ਉਪਰ ਫੁੱਲ ਮਲਾਵਾਂ ਪਾ ਕੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਇਆ ਗਿਆ। ਸਥਾਨਕ ਕੌਂਸਲਰ ਜਸਵੰਤ ਸਿੰਘ ਨਾਗਰਾ ਦੀ ਅਗਵਾਈ ਹੇਠ ਨੌਜਵਾਨਾਂ ਵੱਲੋਂ ਇਸ ਤਰ੍ਹਾਂ ਪਹਿਲੀ ਵਾਰ ਮਹੁੱਲਿਆਂ ਵਿੱਚੋਂ ਰੈਲੀਆਂ ਕੱਢ ਕੇ ਜਨਮ ਦਿਨ ਮਨਾਇਆ ਗਿਆ। ਜਸਵੰਤ ਸਿੰਘ ਨੇ ਇਸ ਮੌਕੇ ਕਿਹਾ ਕਿ ਗੋਰੇ ਅੰਗਰੇਜ਼ ਚਾਹੇ ਚਲੇ ਗਏ ਹਨ ਪਰ ਹੁਣ ਕਾਲੇ ਅੰਗਰੇਜ਼ਾਂ ਨੇ ਉਹੀ ਨੀਤੀਆਂ ਕੁੱਝ ਬਦਲਾਵਾਂ ਨਾਲ ਜਾਰੀ ਰੱਖੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਨਾਬਰਾਬਰੀ, ਅਨਪੜ੍ਹਤਾ, ਬੇਰੁਜ਼ਗਾਰੀ, ਗ਼ਰੀਬਾਂ ਵਿਰੋਧ ਜੁਲਮਾਂ ਦੀ ਭਰਮਾਰ ਅਜੇ ਵੀ ਜਾਰੀ ਹੈ। ਇਸ ਮੌਕੇ ਵੀਕੇ ਸਿੰਘ, ਅੰਮ੍ਰਿਤਪਾਲ ਸਿੰਘ, ਵਿੱਕੀ ਸਲੂਜਾ, ਰਣਜੀਤ ਸਿੰਘ, ਗੁਰਦੇਵ ਸਿੰਘ ਤੇ ਅਨਮੋਲ ਸਿੰਘ ਸਮੇਤ ਹੋਰ ਸ਼ਖ਼ਸੀਅਤਾਂ ਸ਼ਾਮਲ ਹੋਈਆਂ। ਬੁਲਾਰਿਆਂ ਨੇ ਕਿਹਾ ਕਿ ਭਗਤ ਸਿੰਘ ਦੀ ਸੋਚ ਅਗਾਂਹਵਧੂ ਸੀ ਤੇ ਉਨ੍ਹਾਂ ਛੋਟੀ ਉਮਰ ਵਿੱਚ ਬੇਖੌਫ਼ ਹੋ ਕੇ ਫਾਂਸੀ ਦਾ ਰੱਸਾ ਚੁੰਮਿਆ ਅਤੇ ਆਪਣੇ ਸਿਧਾਂਤਾਂ ਨਾਲ ਕਦੇ ਵੀ ਸਮਝੌਤਾ ਨਹੀਂ ਕੀਤਾ। ਨੌਜਵਾਨਾਂ ਲਈ ਉਹ ਹਮੇਸ਼ਾ ਹੀ ਪ੍ਰੇਰਨਾ ਸਰੋਤ ਰਹਿਣਗੇ ਤੇ ਉਨ੍ਹਾਂ ਦੇ ਵਿਚਾਰਾਂ ਦੀ ਪ੍ਰਸੰਗਤਾ ਹਮੇਸ਼ਾ ਬਣੀ ਰਹੇਗੀ। ਨੌਜਵਾਨਾਂ ਨੂੰ ਚਾਹੀਦਾ ਹੈ ਕਿ ਉਹ ਭਗਤ ਸਿੰਘ ਦੀ ਸੋਚ ਵਰਗਾ ਦੇਸ਼ ਵਿਕਸਤ ਕਰਨ ਲਈ ਹੰਭਲਾ ਮਾਰਨ।
ਸਿਰਫ਼ ਦੋ ਮਹੀਨੇ ਹੀ ਹੁੰਦੀ ਹੈ ਚੌਕ ਦੀ ਸਫ਼ਾਈ
ਫਰੀਦਾਬਾਦ: ਭਗਤ ਸਿੰਘ ਦੇ ਬੁੱਤ ਲੱਗੇ ਤੇ ਸ਼ਹੀਦੇ-ਆਜ਼ਮ ਦੇ ਨਾਂ ਉਪਰ ਬਣੇ ਇਸ ਚੌਕ ਦੀ ਹਾਲਤ ਖਸਤਾ ਹੋ ਚੁੱਕੀ ਹੈ। ਸਾਰਾ ਸਾਲ ਇਸ ਚੌਕ ਵਿੱਚ ਗੰਦਗੀ ਪਈ ਰਹਿੰਦੀ ਹੈ ਤੇ ਸਿਰਫ਼ ਦੋ ਵਾਰ ਮਾਰਚ ਤੇ ਸਤੰਬਰ ਵਿੱਚ ਹੀ ਸਫ਼ਾਈ ਕੀਤੀ ਜਾਂਦੀ ਹੈ। ਗੋਲ ਘੇਰੇ ਦੀ ਲੋਹੇ ਦੀ ਵਾੜ ਅਕਸਰ ਹੀ ਟੁੱਟ ਜਾਂਦੀ ਹੈ ਤੇ ਉਦੋਂ ਹੀ ਇਸ ਚੌਕ ਦੀ ਸੁਧ ਲਈ ਜਾਂਦੀ ਹੈ ਜਦੋਂ ਕਿਸੇ ਅਹਿਮ ਸ਼ਖ਼ਸੀਅਤ ਨੇ ਇਧਰੋਂ ਲੰਘਣਾ ਹੁੰਦਾ ਹੈ।