ਦਿਨੇਸ਼ ਭਾਰਦਵਾਜ
ਚੰਡੀਗੜ੍ਹ, 8 ਜੂਨ
ਹਰਿਆਣਾ ਵਿੱਚ ਰਾਜ ਸਭਾ ਚੋਣਾਂ ਨੂੰ ਲੈ ਕੇ ਲੌਬਿੰਗ ਅਤੇ ਜੋੜ-ਤੋੜ ਦੀ ਖੇਡ ਅੰਦਰਖਾਤੇ ਤੇਜ਼ ਹੋ ਗਈ ਹੈ। ਇਸ ਵਾਰ ਦੀਆਂ ਚੋਣਾਂ ਵਿੱਚ ਕਰਾਸ ਵੋਟਿੰਗ ਦਾ ਖ਼ਤਰਾ ਵਧਿਆ ਹੋਇਆ ਹੈ। ਕਰਾਸ ਵੋਟਿੰਗ ਦੇ ਡਰ ਤੋਂ ਹੀ ਕਾਂਗਰਸ ਨੇ ਆਪਣੇ ਵਿਧਾਇਕ ਪਿਛਲੇ ਇਕ ਹਫ਼ਤੇ ਤੋਂ ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਭੇਜੇ ਹੋਏ ਹਨ। ਉਧਰ, ਹੁਣ ਭਾਜਪਾ ਤੇ ਜਜਪਾ (ਜਨਨਾਇਕ ਜਨਤਾ ਪਾਰਟੀ) ਤੋਂ ਇਲਾਵਾ ਕਈ ਆਜ਼ਾਦ ਵਿਧਾਇਕ ਵੀ ਸਰਕਾਰ ਨੇ ਨਿਊ ਚੰਡੀਗੜ੍ਹ (ਪੰਜਾਬ) ਸਥਿਤ ਸੁੱਖਵਿਲਾਸ ਰਿਜ਼ੌਰਟ ਵਿੱਚ ਠਹਿਰਾ ਦਿੱਤੇ ਹਨ। ਇਹ ਸਾਰੇ ਵਿਧਾਇਕ ਦੋ ਰਾਤਾਂ ਇੱਥੇ ਠਹਿਰਣਗੇ।
ਮੰਨਿਆ ਜਾ ਰਿਹਾ ਹੈ ਕਿ ਕਿਤੇ ਨਾ ਕਿਤੇ ਸਰਕਾਰ ਨੂੰ ਕਰਾਸ ਵੋਟਿੰਗ ਦਾ ਖ਼ਤਰਾ ਹੈ, ਇਸ ਵਾਸਤੇ ਵਿਧਾਇਕਾਂ ਨੂੰ ਚੰਡੀਗੜ੍ਹ ਤੋਂ ਬਾਹਰ ਰਿਜ਼ੌਰਟ ਵਿੱਚ ਭੇਜਿਆ ਗਿਆ ਹੈ। ਸਰਕਾਰ ਦਾ ਤਰਕ ਹੈ ਕਿ ਵੱਡੀ ਗਿਣਤੀ ਨਵੇਂ ਵਿਧਾਇਕ ਹੋਣ ਕਰ ਕੇ ਉਨ੍ਹਾਂ ਨੂੰ ਰਾਜ ਸਭਾ ਚੋਣਾਂ ਸਬੰਧੀ ਵੋਟਿੰਗ ਦੀ ਪ੍ਰਕਿਰਿਆ ਸਮਝਾਈ ਜਾਵੇਗੀ। ਜਿਸ ਢੰਗ ਨਾਲ ਦੋਹਾਂ ਧਿਰਾਂ ਵੱਲੋਂ ਆਪੋ-ਆਪਣੇ ਵਿਧਾਇਕਾਂ ਨੂੰ ਅੰਦਰ ਡੱਕਿਆ ਜਾ ਰਿਹਾ ਹੈ, ਉਸ ਤੋਂ ਲੱਗਦਾ ਹੈ ਕਿ ਛੇ ਸਾਲ ਪਹਿਲਾਂ ਹੋਏ ‘ਸਿਆਹੀ ਕਾਂਡ’ ਵਾਂਗ ਇਸ ਵਾਰ ਦੀਆਂ ਚੋਣਾਂ ਵਿੱਚ ਵੀ ਵੱਡੀ ਖੇਡ ਹੋ ਸਕਦੀ ਹੈ।
ਹਾਲਾਂਕਿ, ਚੋਣ ਕਮਿਸ਼ਨ ਦੀਆਂ ਨਜ਼ਰਾਂ ਇਨ੍ਹਾਂ ਚੋਣਾਂ ’ਤੇ ਟਿਕੀਆਂ ਹੋਈਆਂ ਹਨ। ਪਿਛਲੀ ਵਾਰ ਹੋਈ ਕਥਿਤ ਅਣਗਹਿਲੀ ਤੋਂ ਸਬਕ ਲੈਂਦੇ ਹੋਏ ਕਮਿਸ਼ਨ ਨੇ ਪਹਿਲਾਂ ਹੀ ਤੈਅ ਕੀਤਾ ਹੋਇਆ ਹੈ ਕਿ ਕਮਿਸ਼ਨ ਦੇ ਨੁਮਾਇੰਦੇ ਵੱਲੋਂ ਵੋਟ ਪਾਉਣ ਵਾਲੇ ਵਿਧਾਇਕਾਂ ਨੂੰ ਖੁ਼ਦ ਹੀ ਪੈੱਨ ਦਿੱਤਾ ਜਾਵੇਗਾ। ਵੋਟ ਪਾਉਣ ਤੋਂ ਬਾਅਦ ਵਿਧਾਇਕ ਜਦੋਂ ਪੈੱਨ ਵਾਪਸ ਦੇਵੇਗਾ ਤਾਂ ਉਸ ਤੋਂ ਬਾਅਦ ਦੂਜੇ ਵਿਧਾਇਕ ਨੂੰ ਪੈੱਨ ਦੇ ਕੇ ਭੇਜਿਆ ਜਾਵੇਗਾ। ਪੈੱਨ ਬਦਲਣ ਦੀ ਸੰਭਾਵਨਾ ਨੂੰ ਪੂਰੀ ਤਰ੍ਹਾਂ ਰੋਕਣ ਦੇ ਪ੍ਰਬੰਧ ਕਮਿਸ਼ਨ ਨੇ ਕੀਤੇ ਹਨ। ਵੋਟਿੰਗ ਸੈਂਟਰ ਦੇ ਅੰਦਰ ਵਿਧਾਇਕਾਂ ਨੂੰ ਖ਼ੁਦ ਦਾ ਪੈੱਨ ਜਾਂ ਮੋਬਾਈਲ ਫੋਨ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ।
ਉਧਰ, ਦੂਜੇ ਪਾਸੇ ਰਾਏਪੁਰ ਦੇ ਮੇਅਫੇਅਰ ਲੇਕ ਰਿਜ਼ੌਰਟ ਵਿੱਚ ਠਹਿਰੇ ਵਿਧਾਇਕਾਂ ਨੂੰ ਅੱਜ ਵੀ ਵੋਟਿੰਗ ਪ੍ਰਕਿਰਿਆ ਬਾਰੇ ਸਮਝਾਇਆ ਗਿਆ। ਉੱਥੇ ਵੋਟਿੰਗ ਦੀ ਮੌਕ ਡਰਿੱਲ ਵੀ ਕੀਤੀ ਗਈ। ਕਾਂਗਰਸ ਕੋਈ ਖ਼ਤਰਾ ਨਹੀਂ ਉਠਾਉਣਾ ਚਾਹੁੰਦੀ ਹੈ। ਕਾਂਗਰਸੀ ਵਿਧਾਇਕ ਵੀਰਵਾਰ ਸ਼ਾਮ ਨੂੰ ਜਾਂ ਸ਼ੁੱਕਰਵਾਰ ਸਵੇਰੇ ਸਿੱਧੇ ਚੰਡੀਗੜ੍ਹ ਪਹੁੰਚਣਗੇ। ਇਸੇ ਦੌਰਾਨ ਭਾਜਪਾ ਤੇ ਜਜਪਾ ਤੋਂ ਇਲਾਵਾ ਕਈ ਆਜ਼ਾਦ ਵਿਧਾਇਕ ਸੁੱਖਵਿਲਾਸ ਰਿਜ਼ੌਰਟ ਪਹੁੰਚ ਗਏ ਹਨ। ਸਿੱਖਿਆ ਮੰਤਰੀ ਕੰਵਰਪਾਲ ਗੁੱਜਰ, ਖੇਤੀ ਮੰਤਰੀ ਜੈ ਪ੍ਰਕਾਸ਼ ਦਲਾਲ, ਸਹਿਕਾਰਤਾ ਮੰਤਰੀ ਡਾ. ਬਨਵਾਰੀ ਲਾਲ ਅਤੇ ਮਹਿਲਾ ਤੇ ਬਾਲ ਵਿਕਾਸ ਮੰਤਰੀ ਕਮਲੇਸ਼ ਢਾਂਡਾ ਸ਼ਾਮ ਨੂੰ 4 ਵਜੇ ਦੇ ਕਰੀਬ ਸੁੱਖਵਿਲਾਸ ਪਹੁੰਚ ਗਏ। ਬਿਜਲੀ ਮੰਤਰੀ ਚੌਧਰੀ ਰਣਜੀਤ ਸਿੰਘ ਦਿੱਲੀ ਵਿੱਚ ਹਨ ਅਤੇ ਉਹ ਉੱਥੋਂ ਦੇਰ ਰਾਤ ਸਿੱਧੇ ਸੁੱਖਵਿਲਾਸ ਪਹੁੰਚਣਗੇ।
ਇਨੈਲੋ ਅੱਜ ਲਵੇਗੀ ਫ਼ੈਸਲਾ
ਰਾਜ ਸਭਾ ਚੋਣਾਂ ਨੂੰ ਲੈ ਕੇ ਇਨੈਲੋ ਨੇ ਅਜੇ ਤਾਈਂ ਆਪਣੇ ਪੱਤੇ ਨਹੀਂ ਖੋਲ੍ਹੇ ਹਨ। ਬੇਸ਼ੱਕ, ਅਭੈ ਸਿੰਘ ਚੌਟਾਲਾ ਪਾਰਟੀ ਦੇ ਇਕੱਲੇ ਵਿਧਾਇਕ ਹਨ, ਪਰ ਰਾਜ ਸਭਾ ਦੀਆਂ ਇਨ੍ਹਾਂ ਚੋਣਾਂ ’ਚ ਉਨ੍ਹਾਂ ਦੀ ਵੋਟ ਦੀ ਕਾਫੀ ਅਹਿਮੀਅਤ ਹੈ। ਇਨੈਲੋ ਨੇ ਵੀਰਵਾਰ ਨੂੰ ਚੰਡੀਗੜ੍ਹ ਵਿੱਚ ਪਾਰਟੀ ਦੀ ਮੀਟਿੰਗ ਸੱਦੀ ਹੈ। ਇਸੇ ਮੀਟਿੰਗ ਵਿੱਚ ਤੈਅ ਹੋਵੇਗਾ ਕਿ ਇਨੈਲੋ ਇਨ੍ਹਾਂ ਚੋਣਾਂ ਵਿੱਚ ਕਿਸ ਨੂੰ ਸਮਰਥਨ ਕਰੇਗੀ। ਉੱੱਧਰ, ਆਜ਼ਾਦ ਵਿਧਾਇਕਾਂ ਦੀ ਵੋਟਿੰਗ ਗੁਪਤ ਹੋਵੇਗੀ। ਉਨ੍ਹਾਂ ਨੂੰ ਆਪਣੀ ਵੋਟ ਕਿਸੇ ਨੂੰ ਦਿਖਾਉਣ ਦੀ ਲੋੜ ਨਹੀਂ ਹੈ। ਜੇਕਰ ਕਿਸੇ ਆਜ਼ਾਦ ਵਿਧਾਇਕ ਨੇ ਆਪਣੀ ਵੋਟ ਦਿਖਾਈ ਤਾਂ ਉਸ ਦੀ ਵੋਟ ਰੱਦ ਕਰ ਦਿੱਤੀ ਜਾਵੇਗੀ।