ਪੱਤਰ ਪ੍ਰੇਰਕ
ਫਰੀਦਾਬਾਦ, 1 ਅਗਸਤ
ਜੇ.ਸੀ. ਬੋਸ ਯੂਨੀਵਰਸਿਟੀ ਆਫ ਸਾਇੰਸ ਐਂਡ ਟੈਕਨਾਲੋਜੀ, ਵਾਈਐੱਮਸੀਏ, ਫਰੀਦਾਬਾਦ ਨੇ ਦੇਸ਼ ਭਰ ’ਚ ਚਲਾਈ ਜਾ ਰਹੀ ‘ਹਰ ਘਰ ਤਿਰੰਗਾ’ ਮੁਹਿੰਮ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਅੱਜ ‘ਕਸੀਦਾ’ ਨਾਮਕ ਸੱਭਿਆਚਾਰਕ ਸ਼ਾਮ ਕਰਵਾਈ। ਇਸ ਮੌਕੇ ਵਿਦਿਆਰਥੀਆਂ ਨੇ ਕਲਾਮ ਚੌਕ ਨੂੰ ਤਿਰੰਗੇ ਝੰਡਿਆਂ ਅਤੇ ਪੋਸਟਰਾਂ ਨਾਲ ਸਜਾਇਆ ਗਿਆ। ਇਸ ਦੌਰਾਨ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤ ਗਾਏ, ਕਵਿਤਾਵਾਂ ਸੁਣਾਈਆਂ, ਨਾਟਕ ਖੇਡੇ ਅਤੇ ਭਾਸ਼ਣ ਦਿੱਤੇ। ਵਿਦਿਆਰਥੀਆਂ ਵੱਲੋਂ ਦੀਆਂ ਗਈਆਂ ਪੇਸ਼ਕਾਰੀਆਂ ਨਾਲ ਉੱਥੇ ਹਾਜ਼ਰ ਲੋਕ ਦੇਸ਼ ਭਗਤੀ ਦੇ ਜਜ਼ਬੇ ਨਾਲ ਭਰ ਗਏ। ਇਹ ਪ੍ਰੋਗਰਾਮ ਸੰਚਾਰ ਅਤੇ ਮੀਡੀਆ ਟੈਕਨਾਲੋਜੀ ਵਿਭਾਗ ਦੁਆਰਾ ਡੀਨ, ਵਿਦਿਆਰਥੀ ਭਲਾਈ ਦਫ਼ਤਰ ਦੇ ਸਹਿਯੋਗ ਨਾਲ ਕਰਵਾਇਆ ਗਿਆ ਸੀ।
ਪ੍ਰੋਗਰਾਮ ਦੀ ਪ੍ਰਧਾਨਗੀ ਰਜਿਸਟਰਾਰ ਡਾ. ਐਸ.ਕੇ. ਗਰਗ ਨੇ ਕੀਤਾ। ਪ੍ਰੋਗਰਾਮ ਵਿੱਚ ਵੱਖ-ਵੱਖ ਅਧਿਆਪਨ ਵਿਭਾਗਾਂ ਦੇ ਡੀਨ ਅਤੇ ਵਿਭਾਗਾਂ ਦੇ ਮੁਖੀਆਂ ਨੇ ਵੀ ਸ਼ਮੂਲੀਅਤ ਕੀਤੀ। ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਰਜਿਸਟਰਾਰ ਡਾ. ਗਰਗ ਨੇ ਪ੍ਰੋਗਰਾਮ ਦੇ ਮਹੱਤਵ ਅਤੇ ‘ਹਰ ਘਰ ਤਿਰੰਗਾ’ ਮੁਹਿੰਮ ਬਾਰੇ ਜਾਣੂ ਕਰਵਾਇਆ। ਮੋਹਨ ਸ਼ਾਸਤਰੀ ਅਤੇ ਪੁਨੀਤ ਪੰਚਾਲ ਨੇ ਦੇਸ਼ ਭਗਤੀ ਦੀਆਂ ਕਵਿਤਾਵਾਂ ਦੀ ਸੁਣਾ ਕੇ ਪ੍ਰੋਗਰਾਮ ਨੂੰ ਚਾਰ ਚੰਨ ਲਾ ਦਿੱਤੇ। ਜ਼ਿਕਰਯੋਗ ਹੈ ਕਿ ਯੂਨੀਵਰਸਿਟੀ ਵੱਲੋਂ 4 ਅਗਸਤ ਨੂੰ ਸ਼ਹਿਰ ਵਿੱਚ ‘ਰਨ ਫਾਰ ਤਿਰੰਗਾ’ ਵੀ ਕਰਵਾਇਆ ਜਾਵੇਗਾ।
‘ਹਰ ਘਰ ਤਿਰੰਗਾ’ ਮੁਹਿੰਮ ’ਚ ਹਿੱਸਾ ਲੈਣਗੇ ਦਿੱਲੀ ਨਿਗਮ ਦੇ ਸਕੂਲਾਂ ਦੇ ਵਿਦਿਆਰਥੀ
ਦਿੱਲੀ ਦੇ ਸਾਰੇ 1,530 ਮਿਉਂਸਪਲ ਸਕੂਲਾਂ ਦੇ ਵਿਦਿਆਰਥੀ 13 ਤੋਂ 15 ਅਗਸਤ ਤੱਕ ਕੇਂਦਰ ਦੀ ‘ਹਰ ਘਰ ਤਿਰੰਗਾ’ ਮੁਹਿੰਮ ਵਿੱਚ ਹਿੱਸਾ ਲੈਣਗੇ। ਦਿੱਲੀ ਦੇ ਨਗਰ ਨਿਗਮ (ਐੱਮਸੀਡੀ) ਦੇ ਅਧਿਕਾਰੀਆਂ ਨੇ ਦੱਸਿਆ ਕਿ ਐੱਮਸੀਡੀ ਦਾ ਸਿੱਖਿਆ ਵਿਭਾਗ ਵਿਦਿਆਰਥੀਆਂ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਲਈ ਆਪਣੇ ਸਕੂਲਾਂ ਵਿੱਚ ਵੱਖ-ਵੱਖ ਗਤੀਵਿਧੀਆਂ ਕਰਵਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਬੱਚੇ ਕੱਲ੍ਹ ਦਾ ਭਵਿੱਖ ਹਨ। ਇਨ੍ਹਾਂ ਵਿੱਚ ਦੇਸ਼ ਭਗਤੀ ਦਾ ਜਜ਼ਬਾ ਭਰਨ ਲਈ ਐੱਮਸੀਡੀ ਦਾ ਸਿੱਖਿਆ ਵਿਭਾਗ ਵੱਖ-ਵੱਖ ਗਤੀਵਿਧੀਆਂ ਕਰਵਾ ਰਿਹਾ ਹੈ।