ਦਵਿੰਦਰ ਸਿੰਘ
ਯਮੁਨਾਨਗਰ, 14 ਜਨਵਰੀ
ਮੁਸਤਫਾਬਾਦ ਸਟੇਸ਼ਨ ’ਤੇ ਗੱਡੀਆਂ ਦੇ ਠਹਿਰਾਅ ਨੂੰ ਲੈ ਕੇ ਸੈਂਕੜੇ ਪਿੰਡ ਵਾਸੀ ਮਹਿਲਾਵਾਂ ਨੂੰ ਲੈ ਕੇ ਉੱਚਾ ਚਾਂਦਨਾ ਲਾਗੇ ਟਰੈਕ ’ਤੇ ਬੈਠ ਗਏ। ਉਨ੍ਹਾਂ ਨੇ ਅੰਬਾਲਾ-ਦਿੱਲੀ, ਅੰਬਾਲਾ-ਮੁਰਾਦਾਬਾਦ ਰੇਲਵੇ ਰੂਟ ਨੂੰ ਜਾਮ ਕਰ ਦਿੱਤਾ। ਇਸ ਜਾਮ ਕਰ ਕੇ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਮਗਰੋਂ ਅੰਬਾਲਾ ਤੋਂ ਰੇਲਵੇ ਦੇ ਉੱਚ ਅਧਿਕਾਰੀ ਆਏ ਅਤੇ ਉਨ੍ਹਾਂ ਨੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਅਤੇ ਇੱਕ ਹਫ਼ਤੇ ਵਿੱਚ ਸਮੱਸਿਆ ਦੂਰ ਕਰਨ ਦਾ ਭਰੋਸਾ ਦਿੱਤਾ। ਦੂਜੇ ਪਾਸੇ, ਟਰੈਕ ’ਤੇ ਬੈਠੇ ਲੋਕਾਂ ਨੇ ਕਿਹਾ ਕਿ ਕਰੋਨਾ ਕਾਲ ਤੋਂ ਬਾਅਦ ਚਲਾਈਆਂ ਜਾ ਰਹੀਆਂ ਲੋਕਲ ਗੱਡੀਆਂ ਦਾ ਠਹਿਰਾਅ ਬਾਕੀ ਸਟੇਸ਼ਨਾਂ ’ਤੇ ਤਾਂ ਹੈ ਪਰ ਮੁਸਤਫਾਬਾਦ ਗੱਡੀਆਂ ਦਾ ਠਹਿਰਾਅ ਕਿਉਂ ਨਹੀਂ ਕੀਤਾ ਜਾ ਰਿਹਾ।
ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਜ਼ਿਲ੍ਹਾ ਪ੍ਰਧਾਨ ਸੰਜੂ ਗੁੰਦਿਆਨਾ ਨੇ ਕਿਹਾ ਕਿ ਇਸ ਸਮੱਸਿਆ ਨੂੰ ਲੈ ਕੇ ਅੰਬਾਲਾ ਰੇਲ ਮੰਡਲ ਦੇ ਪ੍ਰਬੰਧਕਾਂ ਨਾਲ ਚਾਰ ਵਾਰ ਬੈਠਕਾਂ ਹੋ ਚੁੱਕੀਆਂ ਹਨ ਪਰ ਹਰ ਵਾਰੀ 15 ਦਿਨ ਦਾ ਸਮਾਂ ਦੇ ਭਰੋਸਾ ਦੇਣ ਮਗਰੋਂ ਵਾਪਸ ਭੇਜ ਦਿੱਤਾ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਪਿੰਡਾਂ ਦੇ ਲੋਕ ਨਵੀਆਂ ਗੱਡੀਆਂ ਚਲਾਉਣ ਦੀ ਮੰਗ ਨਹੀਂ ਕਰ ਰਹੇ ਬਲਕਿ ਪਹਿਲੀਆਂ ਚੱਲ ਰਹੀਆਂ ਗੱਡੀਆਂ ਦੇ ਪਹਿਲਾਂ ਵਾਂਗ ਹੀ ਮੁਸਤਫਾਬਾਦ ਸਟੇਸ਼ਨ ’ਤੇ ਠਹਿਰਾਅ ਦੀ ਮੰਗ ਕਰ ਰਹੇ ਹਨ। ਖ਼ਬਰ ਲਿਖੇ ਜਾਣ ਤੱਕ ਲੋਕ ਰੇਲਵੇ ਟਰੈਕ ’ਤੇ ਬੈਠੇ ਸਨ ਤੇ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਉਠਾਉਣ ਦੀ ਗੱਲਬਾਤ ਜਾਰੀ ਸੀ।