ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 15 ਅਕਤੂਬਰ
ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿੱਜ ਨੇ ਸਤਲੁਜ-ਯਮੁਨਾ ਲਿੰਕ ਨਹਿਰ ਦੇ ਮੁੱਦੇ ’ਤੇ ਹਰਿਆਣਾ ਅਤੇ ਪੰਜਾਬ ਦੇ ਮੁੱਖ ਮੰਤਰੀਆਂ ਦੀ ਬੇਸਿੱਟਾ ਰਹੀ ਮੀਟਿੰਗ ’ਤੇ ਟਿੱਪਣੀ ਕਰਦਿਆਂ ਪੰਜਾਬ ਸਰਕਾਰ ਅਤੇ ਦਿੱਲੀ ਦੇ ਮੁੱਖ ਮੰਤਰੀ ਨੂੰ ਘੇਰਿਆ।
ਵਿੱਜ ਨੇ ਕਿਹਾ ਕਿ ਕੇਜਰੀਵਾਲ ਨੇ ਜੋ ਪੰਨਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੜ੍ਹਾ ਕੇ ਭੇਜਿਆ, ਮਾਨ ਨੇ ਮੁੱਖ ਮੰਤਰੀ ਹਰਿਆਣਾ ਨਾਲ ਹੋਈ ਸਾਂਝੀ ਮੀਟਿੰਗ ਵਿੱਚ ਉਹੀ ਪੜ੍ਹ ਦਿੱਤਾ ਹੋਵੇਗਾ। ਵਿੱਜ ਨੇ ਕਿਹਾ ਕਿ ਹਰਿਆਣਾ ਤੇ ਪੰਜਾਬ ਸਰਕਾਰ ਵਿਚਾਲੇ ਹੋਈ ਮੀਟਿੰਗ ਸਤਲੁਜ-ਯਮੁਨਾ ਲਿੰਕ ਨਹਿਰ ਬਣਾਉਣ ਸਬੰਧੀ ਸੀ ਪਰ ਜਾਪਦਾ ਹੈ ਕਿ ਮਾਨ ਨੂੰ ਉਨ੍ਹਾਂ ਦੇ ਅਧਿਕਾਰੀਆਂ ਨੇ ਗ਼ਲਤ ਕਿਤਾਬ ਪੜ੍ਹਾ ਦਿੱਤੀ ਕਿਉਂਕਿ ਮੁੱਦਾ ਨਹਿਰ ਬਣਾਉਣ ਲਈ ਰਸਤਾ ਦੇਣ ਦਾ ਸੀ ਜਦੋਂ ਕਿ ਭਗਵੰਤ ਮਾਨ ਪਾਣੀ ਦਾ ਰੋਣਾ ਰੋ ਰਹੇ ਸਨ ਕਿ ਉਨ੍ਹਾਂ ਕੋਲ ਦੇਣ ਲਈ ਇਕ ਬੂੰਦ ਵੀ ਪਾਣੀ ਨਹੀਂ ਹੈ।
ਗ੍ਰਹਿ ਮੰਤਰੀ ਨੇ ਕਿਹਾ ਕਿ ਉਹ ਕੌਣ ਹੁੰਦੇ ਹਨ ਪਾਣੀ ਦੇਣ ਵਾਲੇ, ਕੀ ਉਹ ਪਾਣੀ ਪੈਦਾ ਕਰ ਰਹੇ ਹਨ, ਪਾਣੀ ਤਾਂ ਹਿਮਾਚਲ ਤੋਂ ਆ ਰਿਹਾ ਹੈ।