ਪੱਤਰ ਪ੍ਰੇਰਕ
ਫਰੀਦਾਬਾਦ, 9 ਮਾਰਚ
ਪੁਲੀਸ ਮੁਲਾਜ਼ਮ ਐੱਸਆਈ ਰਾਮਦਿਆਲ, ਕਾਂਸਟੇਬਲ ਸੁਨੀਲ, ਰਾਜੇਸ਼ ਅਤੇ ਵਿਨੋਦ ਨੂੰ ਗੁਰੂਗ੍ਰਾਮ ਜ਼ਿਲ੍ਹਾ ਅਦਾਲਤ ਨੇ ਸਾਈਬਰ ਕੈਫ਼ੇ ਦੇ ਸੰਚਾਲਕ ਹੰਸਰਾਜ ਰਾਠੀ ਨੂੰ ਝੂਠੇ ਕੇਸਾਂ ਵਿੱਚ ਫਸਾਉਣ, ਪੈਸੇ ਦੀ ਮੰਗ ਕਰਨ ਅਤੇ ਕੁੱਟਮਾਰ ਕਰਨ ਦੇ ਦੋਸ਼ ਵਿੱਚ ਸਜ਼ਾ ਸੁਣਾਈ ਹੈ। ਇਸ ਵਿੱਚ ਐੱਸਆਈ ਰਾਮਦਿਆਲ ਨੂੰ ਪੰਜ ਸਾਲ ਅਤੇ ਬਾਕੀ ਤਿੰਨਾਂ ਨੂੰ ਤਿੰਨ-ਤਿੰਨ ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਸ ਦੇ ਨਾਲ ਹੀ ਸਾਰਿਆਂ ’ਤੇ 40-40 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਜ਼ਿਕਰਯੋਗ ਹੈ ਕਿ 3 ਸਤੰਬਰ 2009 ਨੂੰ ਰਾਜੀਵ ਨਗਰ ਇਲਾਕੇ ‘ਚ ਹੰਸਰਾਜ ਰਾਠੀ ਦੇ ਸਾਈਬਰ ਕੈਫੇ ‘ਤੇ ਕ੍ਰਾਈਮ ਬ੍ਰਾਂਚ-46 ਦੀ ਟੀਮ ਨੇ ਛਾਪਾ ਮਾਰ ਕੇ ਕੈਫੇ ਵਿੱਚ ਜਾਅਲੀ ਵੋਟਰ ਕਾਰਡ ਅਤੇ ਪਛਾਣ ਪੱਤਰ ਬਣਾਏ ਜਾਣ ਦਾ ਦੋਸ਼ ਲਗਾਇਆ ਸੀ। ਟੀਮ ਨੇ ਹੰਸਰਾਜ ਰਾਠੀ ਅਤੇ ਉਸ ਦੇ ਦੋ ਕਰਮਚਾਰੀਆਂ ਰਾਜੇਂਦਰ ਅਤੇ ਨਰਿੰਦਰ ਨੂੰ ਕੈਫੇ ਤੋਂ ਚੁੱਕ ਲਿਆ। ਤਿੰਨਾਂ ਨੂੰ ਜ਼ਮਾਨਤ ਮਿਲ ਗਈ ਸੀ। ਜਦੋਂ ਹੰਸਰਾਜ ਕੈਫੇ ‘ਚ ਪਹੁੰਚਿਆ ਤਾਂ ਦੇਖਿਆ ਕਿ ਉੱਥੇ ਮੋਹਰ ਲੱਗੀ ਹੋਈ ਸੀ। ਅਦਾਲਤ ਦੀ ਮਦਦ ਨਾਲ ਕੈਫੇ ਖੋਲ੍ਹਿਆ ਗਿਆ। ਕੈਫੇ ਅੰਦਰ ਸੀਸੀਟੀਵੀ ਕੈਮਰੇ ਵੀ ਲਗਾਏ ਹੋਏ ਸਨ। ਜਦੋਂ ਉਸ ਦੀ ਫੁਟੇਜ ਦੀ ਜਾਂਚ ਕੀਤੀ ਗਈ ਤਾਂ ਉਸ ਵਿੱਚ 3 ਸਤੰਬਰ ਦੀ ਸਾਰੀ ਘਟਨਾ ਕੈਦ ਹੋ ਗਈ। ਫਿਰ ਉਸ ਨੇ ਸੀਆਈਡੀ ਮੁਖੀ ਨੂੰ ਸ਼ਿਕਾਇਤ ਕੀਤੀ ਕਿ ਉਸ ਦੇ ਕੈਫ਼ੇ ’ਤੇ 5 ਸਤੰਬਰ ਨੂੰ ਨਹੀਂ ਸਗੋਂ 3 ਸਤੰਬਰ ਨੂੰ ਛਾਪਾ ਮਾਰਿਆ ਗਿਆ ਸੀ। ਜਾਂਚ ਕਰਨ ’ਤੇ ਸ਼ਿਕਾਇਤ ਸਹੀ ਪਾਈ ਗਈ। ਇਸ ’ਤੇ ਜਾਂਚ ਅਧਿਕਾਰੀ ਨੇ ਪੁਲੀਸ ਮੁਲਾਜ਼ਮਾਂ ਨੂੰ ਦੋਸ਼ੀ ਕਰਾਰ ਦਿੰਦਿਆਂ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰਨ ਦੀ ਸਿਫ਼ਾਰਸ਼ ਕੀਤੀ। ਸਿਫ਼ਾਰਸ਼ ਤੋਂ ਬਾਅਦ ਚਾਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ। ਮੁਲਜ਼ਮਾਂ ਵਿੱਚ ਰਾਮ ਦਿਆਲ ਸੇਵਾਮੁਕਤ ਹੈ।