ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 15 ਮਈ
ਹਰਿਆਣਾ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਜੀਐੱਮਐੱਨ ਕਾਲਜ ਦੀ ਪੰਜਾਬੀ ਸਾਹਿਤ ਸਭਾ ਦੇ ਸਹਿਯੋਗ ਨਾਲ ਕਾਲਜ ਵਿਚ ਸਮਾਰੋਹ ਕਰ ਕੇ ਹਰਿਆਣਾ ਦੇ ਤਿੰਨ ਲੇਖਕਾਂ ਦੀਆਂ ਪੁਸਤਕਾਂ ’ਤੇ 6 ਪੇਪਰ ਪੜ੍ਹਵਾਏ ਗਏ। ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਬਕਾ ਪ੍ਰਿੰਸੀਪਲ ਡਾ. ਗੁਰਦੇਵ ਸਿੰਘ ਮੁੱਖ ਮਹਿਮਾਨ ਸਨ ਜਦੋਂ ਕਿ ਪ੍ਰਧਾਨਗੀ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਸਾਬਕਾ ਮੁਖੀ ਡਾ. ਹਰਸਿਮਰਨ ਸਿੰਘ ਰੰਧਾਵਾ ਅਤੇ ਕਵੀ ਤੇ ਆਲੋਚਕ ਡਾ. ਰਤਨ ਸਿੰਘ ਢਿੱਲੋਂ ਨੇ ਕੀਤੀ। ਸਭਾ ਦੇ ਪ੍ਰਧਾਨ ਡਾ. ਸੁਦਰਸ਼ਨ ਗਾਸੋ ਵੱਲੋਂ ਸਵਾਗਤੀ ਸ਼ਬਦ ਕਹਿਣ ਤੋਂ ਬਾਅਦ ਅੰਬਾਲਾ ਛਾਉਣੀ ਅਧਾਰਿਤ ਮੀਨਾ ਨਵੀਨ ਦੇ ਪੁਆਧੀ ਉੱਪ-ਭਾਸ਼ਾ ਵਿਚ ਲਿਖੇ ਨਾਵਲ ‘ਭੁਰਦੀਆਂ ਕੰਧਾਂ’ ਦਾ ਲੋਕ ਅਰਪਣ ਕੀਤਾ ਗਿਆ। ਦੋ ਨੌਜਵਾਨ ਸਕਾਲਰਾਂ ਡਾ. ਜੀਤ ਸਿੰਘ ਅਤੇ ਡਾ. ਸੁਖਜੀਤ ਕੌਰ ਨੇ ਬਲਜਿੰਦਰ ਅੱਛਣਪੁਰੀਆ (ਮਰਹੂਮ) ਦੇ ਕਹਾਣੀ ਸੰਗ੍ਰਹਿ ‘ਉਦਾਸ ਰੁੱਤ ਦਾ ਗੀਤ’ ਬਾਰੇ, ਡਾ.ਬਲਵਾਨ ਸਿੰਘ ਅਤੇ ਡਾ. ਸਿਮਰਜੀਤ ਕੌਰ ਨੇ ਮੀਨਾ ਨਵੀਨ ਦੇ ਨਾਵਲ ‘ਭੁਰਦੀਆਂ ਕੰਧਾਂ’ ਬਾਰੇ ਅਤੇ ਡਾ. ਜਸਬੀਰ ਕੌਰ ਤੇ ਡਾ. ਗੁਰਪ੍ਰੀਤ ਸਿੰਘ (ਸਿਰਸਾ) ਨੇ ਚਰਚਿਤ ਕਵਿਤਰੀ ਗੁਰਪ੍ਰੀਤ ਕੌਰ ਦੀ ਕਾਵਿ-ਪੁਸਤਕ ‘ਖੁਸ਼ਬੂ ਕੈਦ ਨਹੀਂ ਹੁੰਦੀ’ ਬਾਰੇ ਖੋਜ ਪੱਤਰ ਪੇਸ਼ ਕਰਦਿਆਂ ਵਿਸਥਾਰ ਵਿਚ ਚਰਚਾ ਕੀਤੀ। ਮੁੱਖ ਮਹਿਮਾਨ ਡਾ. ਗੁਰਦੇਵ ਸਿੰਘ ਨੇ ਕਿਹਾ ਕਿ ਹਰਿਆਣਾ ਵਿਚ ਪੰਜਾਬੀ ਭਾਸ਼ਾ ਅਤੇ ਸਾਹਿਤ ਨੇ ਬਹੁਤ ਤਰੱਕੀ ਕੀਤੀ ਹੈ ਜਿਸ ਨੂੰ ਸੰਭਾਲਣ ਦੀ ਲੋੜ ਹੈ। ਪ੍ਰਧਾਨਗੀ ਕਰ ਰਹੇ ਡਾ. ਹਰਸਿਮਰਨ ਸਿੰਘ ਰੰਧਾਵਾ ਨੇ ਪੇਸ਼ ਕੀਤੇ ਗਏ ਪਰਚਿਆਂ ਤੋਂ ਬਿਨਾਂ ਤਿੰਨੋਂ ਲੇਖਕਾਂ ਦੀਆਂ ਪੁਸਤਕਾਂ ਦਾ ਵਿਸਥਾਰ ਵਿਚ ਮੁਲਾਂਕਣ ਕੀਤਾ। ਚਰਚਾ ਵਿਚ ਹਿੱਸਾ ਲੈਣ ਵਾਲਿਆਂ ਵਿਚ ਮਨਜੀਤ ਕੌਰ ਅੰਬਾਲਵੀ, ਗੁਰਚਰਨ ਸਿੰਘ ਸਾਹਾ, ਤਰਲੋਚਨ ਮੀਰ (ਚੀਕਾ) ਸ਼ਾਮਲ ਸਨ।