ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 9 ਮਈ
ਸਾਫਟ ਬਾਲ ਐਸੋਸੀਏਸ਼ਨ ਵੱਲੋਂ ਪਿੰਡ ਟਾਟਕਾ ਵਿਚ 17ਵੀਂ ਸੂਬਾ ਪੱਧਰੀ ਸਾਫਟਬਾਲ ਤੇ ਬੇਸਬਾਲ ਚੈਂਪੀਅਨਸ਼ਿਪ ਕਰਵਾਈ ਗਈ। ਇਸ ਵਿਚ ਸਮਾਜ ਸੇਵੀ ਸੰਦੀਪ ਗਰਗ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਇਸ ਮੌਕੇ ਗਰਗ ਨੇ ਖਿਡਾਰੀਆਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਖੇਡਾਂ ਨਾਲ ਜਿਥੇ ਖੇਡ ਭਾਵਨਾ ਵਧਦੀ ਹੈ ਉਥੇ ਨਾਲ ਹੀ ਆਪਸੀ ਭਾਈਚਾਰਾ ਵੀ ਵਧਦਾ ਹੈ ਜੋ ਜ਼ਿੰਦਗੀ ਵਿਚ ਅੰਗੇ ਵਧਣ ਲਈ ਹਰ ਕਦਮ ਤੇ ਖਿਡਾਰੀ ਦਾ ਸਾਥ ਦਿੰਦਾ ਹੈ। ਪ੍ਰਤੀਯੋਗਤਾ ਵਿਚ ਲੜਕਿਆਂ ਦੀ ਟੀਮ ਵਿਚ ਝੱਜਰ ਦੀ ਟੀਮ ਨੇ ਪਹਿਲਾ ਤੇ ਰੋਹਤਕ ਦੀ ਟੀਮ ਰਨਰਅਪ ਤੇ ਗੁੜਗਾਉਂ ਦੀ ਟੀਮ ਦੂਜੀ ਰਨਰ ਅਪ ਰਹੀ। ਲੜਕੀਆਂ ਦੀ ਟੀਮ ਵਿਚ ਪਹਿਲਾ ਸਥਾਨ ਰੋਹਤਕ ਤੇ ਝੱਜਰ ਦੀ ਟੀਮ ਰਨਰ ਅਪ ਤੇ ਕੈਥਲ ਦੀ ਟੀਮ ਦੂਜੀ ਰਨਰ ਅਪ ਰਹੀ। ਜੇਤੂ ਟੀਮਾਂ ਨੂੰ ਸਨਮਾਨਤ ਕੀਤਾ ਗਿਆ। ਇਸ ਦੇ ਨਾਲ ਹੀ ਹਾਰਨ ਵਾਲੀਆਂ ਟੀਮਾਂ ਨੂੰ ਪੁਰਸਕਾਰ ਦੇ ਕੇ ਸਨਮਾਨ ਕਰਦੇ ਹੋਏ ਸ੍ਰੀ ਗਰਗ ਨੇ ਕਿਹਾ ਕਿ ਉਹ ਆਪਣੀ ਖੇਡ ਤੇ ਜ਼ਿਆਦਾ ਧਿਆਨ ਦੇਣ ਤਾਂ ਜੋ ਆਉਣ ਵਾਲੇ ਸਮੇਂ ਵਿਚ ਉਨ੍ਹਾਂ ਨੂੰ ਨਿਰਾਸ਼ ਨਾ ਝੱਲਣੀ ਪਵੇ। ਇਸ ਮੌਕੇ ਐਸੋਸੀਏਸ਼ਨ ਦੇ ਸੂਬਾ ਸਕਤਰ ਸਤਬੀਰ ਸਿੰਘ, ਜਿਲਾ ਪ੍ਰਧਾਨ ਕੁਲਦੀਪ ਪੰਵਾਰ, ਸੌਰਭ, ਵਿਕਰਮ, ਯਸ਼ਪਾਲ ਮੌਜੂਦ ਸਨ।