ਗੁਰਦੀਪ ਸਿੰਘ ਭੱਟੀ
ਟੋਹਾਣਾ, 13 ਫਰਵਰੀ
ਲੁਧਿਆਣਾ-ਹਿਸਾਰ ਰੇਲ ਲਾਈਨ ’ਤੇ ਪੈਂਦੇ ਉਪ ਮੰਡਲ ਦੇ ਜਮਾਲਪੁਰ ਸ਼ੇਖਾਂ ਰੇਲਵੇ ਸਟੇਸ਼ਨ ’ਤੇ ਪਿਛਲੇ ਦੋ ਸਾਲ ਤੋਂ ਯਾਤਰੂ ਗੱਡੀਆਂ ਦਾ ਰੁਕਣਾ ਬੰਦ ਦੇਣ ’ਤੇ ਇੱਥੋਂ ਦੀਆਂ ਲਗਭਗ ਦੋ ਦਰਜਨ ਜਥੇਬੰਦੀਆਂ ਨੇ ਹਰਿਆਣਾ ਪ੍ਰਦੇਸ਼ ਵਪਾਰ ਮੰਡਲ ਦੇ ਸੱਦੇ ’ਤੇ ਸਟੇਸ਼ਨ ’ਤੇ ਧਰਨਾ ਮਾਰ ਕੇ ਪੁਰਾਣੀ ਪ੍ਰਣਾਲੀ ਲਾਗੂ ਕਰਨ ਦੀ ਚਿਤਾਵਾਨੀ ਦਿੱਤੀ। ਇਸ ਧਰਨੇ ਵਿਚ ਵਪਾਰੀ, ਅਨਾਜ ਮੰਡੀ, ਸਬਜ਼ੀ ਮੰਡੀ, ਵਿਦਿਆਰਥੀ, ਕਰਮਚਾਰੀ, ਪੰਚ-ਸਰਪੰਚ, ਨੰਬਰਦਾਰ, ਕਿਸਾਨ ਮੋਰਚੇ ਦੇ ਨਾਲ ਸਬੰਧਿਤ ਜਥੇਬੰਦੀਆਂ ਦੇ ਹਜ਼ਾਰਾਂ ਲੋਕ ਸ਼ਾਮਲ ਹੋਏ। ਉਨ੍ਹਾਂ ਨੇ ਪੁਰਾਣੀ ਪ੍ਰਣਾਲੀ ਲਾਗੂ ਕਰਨ ਦੀ ਮੰਗ ਕੀਤੀ ਗਈ। ਇਸ ਦੌਰਾਨ ਇੱਥੋਂ ਦੀ ਸੰਸਦ ਮੈਂਬਰ ਸੁਨੀਤਾ ਦੁੱਗਲ ਵੱਲੋਂ ਉਨ੍ਹਾਂ ਦਾ ਕੇਸ ਢੰਗ ਨਾਲ ਪੇਸ਼ ਨਾ ਕਰਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਧਰਨੇ ਦੀ ਸੂਚਨਾ ਮਿਲਦੇ ਹੀ ਫਤਿਹਾਬਾਦ ਤੋਂ ਪੁਲੀਸ ਟੀਮਾਂ ਤੇ ਰੇਲਵੇ ਪੁਲੀਸ ਨੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ। ਵਪਾਰ ਮੰਡਲ ਪ੍ਰਧਾਨ ਰਾਜਿੰਦਰ ਠਕਰਾਲ ਤੇ ਕਿਸਾਨ ਮੋਰਚਾ ਦੇ ਰਣਜੀਤ ਢਿੱਲੋਂ ਨੇ ਕਿਹਾ ਕਿ ਹਲਕੇ ਦੇ ਲੋਕਾਂ ਦੀ ਮੰਗ ’ਤੇ ਰੇਲ ਮੰਤਰੀ ਦਿੱਲੀ, ਡੀਐਮਆਰ ਸਿਰਸਾ, ਏਡੀਐਮਆਰ ਅੰਬਾਲਾ, ਸੰਸਦ ਮੈਂਬਰ ਸੁਨੀਤਾ ਦੁੱਗਲ ਤੇ ਹੋਰ ਅਧਿਕਾਰੀਆਂ ਨੂੰ ਮੰਗ ਪੱਤਰ ਭੇਜ ਕੇ ਹਲਕੇ ਦੇ ਲੋਕਾਂ ਨੂੰ ਰੇਲ ਸਹੂਲਤ ਦੇਣ ਦੀ ਮੰਗ ਕੀਤੀ ਗਈ ਸੀ। ਇੱਥੋਂ ਦੀ ਹਿਸਾਰ-ਸਿਰਸਾ, ਲੁਧਿਆਣਾ, ਬਠਿੰਡਾ, ਅੰਮ੍ਰਿਤਸਰ ਲਈ ਵਪਾਰੀ, ਕਰਮਚਾਰੀ, ਕਿਸਾਨ ਹਜ਼ਾਰਾਂ ਦੀ ਗਿਣਤੀ ਵਿੱਚ ਰੇਲ ਦੀ ਵਰਤੋਂ ਕਰਦੇ ਹੁੰਦੇ ਸਨ, ਪਰ ਕਰੋਨਾ ਦੌਰਾਨ ਜਮਾਲਪੁਰ ਸ਼ੇਖਾਂ ਸਟੇਸ਼ਨ ’ਤੇ ਯਾਤਰੂ ਗੱਡੀਆਂ ਰੋਕਣੀਆਂ ਬੰਦ ਕਰ ਦਿੱਤੀਆਂ ਗਈਆਂ ਸਨ ਜੋ ਹੁਣ ਤਕ ਸ਼ੁਰੂ ਨਹੀਂ ਕੀਤੀਆਂ ਗਈਆਂ। ਬੁਲਾਰਿਆਂ ਨੇ ਮੰਗ ਪੂਰੀ ਨਾ ਹੋਣ ’ਤੇ ਸਟੇਸ਼ਨ ’ਤੇ ਪੱਕਾ ਮੋਰਚਾ ਲਾਉਣ ਦੀ ਚਿਤਾਵਨੀ ਦਿੱਤੀ।