ਪੱਤਰ ਪ੍ਰੇਰਕ
ਰਤੀਆ, 11 ਮਈ
ਨਾਇਬ ਤਹਿਸੀਲਦਾਰ ਵੱਲੋਂ ਬਾਰ ਐਸੋਸੀਏਸ਼ਨ ਦੇ ਵਿਨੈ ਬਾਂਸਲ ਨਾਲ ਦੁਰਵਿਹਾਰ ਕਰਨ ਦੇ ਮਾਮਲੇ ਵਿੱਚ ਗੁੱਸੇ ’ਚ ਆਏ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਨੇ ਆਪਣਾ ਕੰਮ ਛੱਡ ਕੇ ਪ੍ਰਧਾਨ ਹਰਪਾਲ ਗਰੋਹਾ ਦੀ ਅਗਵਾਈ ਵਿਚ ਐੱਸ.ਡੀ.ਐੱਮ ਦਫ਼ਤਰ ਦੇ ਬਾਹਰ ਧਰਨਾ ਦਿੱਤਾ। ਧਰਨੇ ਦੌਰਾਨ ਜਿੱਥੇ ਸਬੰਧਤ ਨਾਇਬ ਤਹਿਸੀਲਦਾਰ ਖਿਲਾਫ਼ ਨਾਅਰੇ ਲਗਾਏ, ਉੱਥੇ ਐੱਸ.ਡੀ.ਐੱਮ ਵੱਲੋਂ ਸਪਸ਼ਟ ਜਵਾਬ ਨਾ ਦਿੱਤੇ ਜਾਣ ’ਤੇ ਉਨ੍ਹਾਂ ਵਿਰੁੱਧ ਵੀ ਭੜਾਸ ਕੱਢੀ ਗਈ। ਪ੍ਰਦਰਸ਼ਨਕਾਰੀਆਂ ਵਿੱਚ ਤਹਿਸੀਲ ਅਤੇ ਐੱਸਡੀਐੱਮ ਦਫ਼ਤਰ ਪ੍ਰਤੀ ਇੰਨਾ ਜ਼ਿਆਦਾ ਰੋਸ ਸੀ ਕਿ ਇਸ ਦੌਰਾਨ ਜਿੱਥੇ ਸਾਰੇ ਬੁਲਾਰਿਆਂ ਨੇ ਕਥਿਤ ਭ੍ਰਿਸ਼ਟਾਚਾਰ ਦੀ ਪੋਲ ਖੋਲ੍ਹੀ, ਉਥੇ ਹੀ ਸਬੰਧਤ ਅਧਿਕਾਰੀਆਂ ਵੱਲੋਂ ਕੀਤੇ ਜਾ ਰਹੇ ਦੁਰਵਿਹਾਰ ਦੀ ਆਲੋਚਨਾ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਹਰਪਾਲ ਗਰੋਹਾ ਨੇ ਕਿਹਾ ਕਿ ਬੀਤੇ ਦਿਨ ਜਦੋਂ ਵਿਨੈ ਬਾਂਸਲ ਨਾਹਬਿ ਤਹਿਸੀਲਦਾਰ ਬਲਰਾਮ ਜਾਖੜ ਕੋਲ ਕੰਮ ਲਈ ਗਏ ਸਨ ਤਾਂ ਉਨ੍ਹਾਂ ਹੋਰ ਲੋਕਾਂ ਦੀ ਮੌਜੂਦਗੀ ਵਿਚ ਹੀ ਉਨ੍ਹਾਂ ਨਾਲ ਦੁਰਵਿਹਾਰ ਕੀਤਾ ਅਤੇ ਉਨ੍ਹਾਂ ਨੂੰ ਦਫ਼ਤਰ ਤੋਂ ਬਾਹਰ ਕੱਢ ਦਿੱਤਾ। ਉਨ੍ਹਾਂ ਦੱਸਿਆ ਕਿ ਐੱਸਡੀਐੱਮ ਵੱਲੋਂ ਸਪਸ਼ਟ ਜਵਾਬ ਨਾ ਦੇਣ ’ਤੇ ਉਨ੍ਹਾਂ ਨੂੰ ਧਰਨੇ ਲਈ ਮਜਬੂਰ ਹੋਣਾ ਪਿਆ। ਜਾਣਕਾਰੀ ਮੁਤਾਬਿਕ ਐੱਸਡੀਐੱਮ ਦੇ ਭਰੋਸੇ ਉਪਰੰਤ ਧਰਨਾਕਾਰੀਆਂ ਤੇ ਨਾਇਬ ਤਹਿਸੀਲਦਾਰ ਵਿਚਕਾਰ ਬੰਦ ਕਮਰੇ ਵਿਚ ਗੱਲਬਾਤ ਹੋਈ। ਇਸ ਦੌਰਾਨ ਨਾਇਬ ਤਹਿਸੀਲਦਾਰ ਨੇ ਆਪਣੀ ਗਲਤੀ ਦਾ ਅਹਿਸਾਸ ਕੀਤਾ ਅਤੇ ਬਾਅਦ ਵਿਚ ਧਰਨਾ ਸਥਾਨ ’ਤੇ ਆ ਕੇ ਭਰੋਸਾ ਦਿੱਤਾ ਕਿ ਭਵਿੱਖ ਵਿਚ ਕਿਸੇ ਨਾਲ ਅਜਿਹਾ ਕੋਈ ਵਿਹਾਰ ਨਹੀਂ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਉਹ ਕੋਈ ਵੀ ਕੰਮ ਦਫ਼ਤਰ ਵਿੱਚ ਕਰਵਾ ਸਕਦੇ ਹਨ। ਇਸ ਭਰੋਸੇ ਮਗਰੋਂ ਬਾਰ ਕੌਂਸਲ ਦੇ ਮੈਂਬਰਾਂ ਨੇ ਧਰਨਾ ਸਮਾਪਤ ਕਰ ਦਿੱਤਾ।