ਪੱਤਰ ਪ੍ਰੇਰਕ
ਫਰੀਦਾਬਾਦ, 25 ਅਕਤੂਬਰ
ਭਾਰਤ ਸਰਕਾਰ ਦੇ ਭਾਰੀ ਉਦਯੋਗ ਤੇ ਊਰਜਾ ਵਿਭਾਗ ਦੇ ਕੇਂਦਰੀ ਰਾਜ ਮੰਤਰੀ ਕ੍ਰਿਸ਼ਨ ਪਾਲ ਗੁਰਜਰ ਨੇ ਅੱਜ ਇੱਥੋਂ ਦੇ ਸੈਕਟਰ-11 ਵਿੱਚ ਭਾਜਪਾ ਵੱਲੋਂ 27 ਅਕਤੂਬਰ ਨੂੰ ਕੀਤੀ ਜਾਣ ਵਾਲੀ ‘ਜਨ ਉਤਸਵ ਰੈਲੀ’ ਦੇ ਸਬੰਧ ਵਿੱਚ ਇੱਕ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਕੇਂਦਰੀ ਮੰਤਰੀ ਨੇ ਕਿਹਾ ਕਿ 27 ਅਕਤੂਬਰ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਫਰੀਦਾਬਾਦ ਦਾ ਦੌਰਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਦੌਰਾਨ ਹੋਣ ਵਾਲੀ ਰੈਲੀ ਦੀਆਂ ਤਿਆਰੀਆਂ ਵਿੱਚ ਪੁਲੀਸ, ਪ੍ਰਸ਼ਾਸਨਿਕ ਅਧਿਕਾਰੀ ਅਤੇ ਆਮ ਲੋਕ ਪੂਰੀ ਤਰ੍ਹਾਂ ਜੁਟੇ ਹੋਏ ਹਨ ਤਾਂ ਜੋ ਰੈਲੀ ਨੂੰ ਇਤਿਹਾਸਕ ਬਣਾਇਆ ਜਾ ਸਕੇ। ਜ਼ਿਕਰਯੋਗ ਹੈ ਕਿ ਅਮਿਤ ਸ਼ਾਹ ਦੀ ਰੈਲੀ ਦੌਰਾਨ ਸੁਰੱਖਿਆ ਦੇ ਮੱਦੇਨਜ਼ਰ ਸੂਰਜਕੁੰਡ ਸੈਲਾਨੀ ਕੇਂਦਰ ਸਮੇਤ ਰੈਲੀ ਵਾਲੀ ਥਾਂ ਦੇ ਚੱਪੇ-ਚੱਪੇ ‘ਤੇ ਪੁਲੀਸ ਤੇ ਸੁਰੱਖਿਆ ਬਲ ਤਾਇਨਾਤ ਹਨ। ਕੇਂਦਰੀ ਮੰਤਰੀ ਨੇ ਕਿਹਾ ਕਿ ਫਰੀਦਾਬਾਦ ਵਿਧਾਨ ਸਭਾ ਵਿੱਚ ਭਾਜਪਾ ਨੇ ਇੱਕ ਤੋਂ ਵੱਧ ਕੇ ਇੱਕ ਕੰਮ ਕੀਤਾ ਹੈ ਤੇ ਇਹ ਰੈਲੀ ਵੀ ਜੀਵੰਤ ਅਤੇ ਸ਼ਾਨਦਾਰ ਹੋਵੇਗੀ। ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਸਵਾਗਤ ਲਈ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ। ਇਸ ਮੌਕੇ ਕੈਬਨਿਟ ਮੰਤਰੀ ਮੂਲਚੰਦ ਸ਼ਰਮਾ, ਮੁੱਖ ਮੰਤਰੀ ਦੇ ਸਿਆਸੀ ਸਕੱਤਰ ਅਜੈ ਗੌੜ, ਵਿਧਾਇਕ ਸੀਮਾ ਤ੍ਰਿਖਾ, ਵਿਧਾਇਕ ਨਰਿੰਦਰ ਗੁਪਤਾ, ਵਿਧਾਇਕ ਨਯਨ ਪਾਲ ਰਾਵਤ, ਪਲਵਲ ਦੇ ਵਿਧਾਇਕ ਦੀਪਕ ਮੰਗਲਾ, ਜ਼ਿਲ੍ਹਾ ਪ੍ਰਧਾਨ ਗੋਪਾਲ ਸ਼ਰਮਾ, ਸਾਬਕਾ ਜ਼ਿਲ੍ਹਾ ਜਨਰਲ ਸਕੱਤਰ ਸੰਦੀਪ ਜੋਸ਼ੀ ਤੇ ਹੋਰ ਕਈ ਪਤਵੰਤੇ ਹਾਜ਼ਰ ਸਨ।