ਪੱਤਰ ਪ੍ਰੇਰਕ
ਕੁਰੂਕਸ਼ੇਤਰ, 1 ਜੁਲਾਈ
ਸਿੱਖ ਮਿਸ਼ਨ ਹਰਿਆਣਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਹਰਿਗੋਬਿੰਦ ਸਾਹਿਬ ਦੇ ਮੀਰੀ ਪੀਰੀ ਦਿਵਸ ’ਤੇ ਕਰਵਾਏ ਆਨਲਾਈਨ ਗਤਕਾ ਮੁਕਾਬਲੇ ਦਾ ਨਤੀਜਾ ਐਲਾਨਿਆ ਗਿਆ। ਭਾਈ ਸਤਨਾਮ ਸਿੰਘ ਖਾਲਸਾ ਨੇ ਕਿਹਾ ਕਿ ਬੱਚਿਆਂ ਨੂੰ ਸਿੱਖ ਮਾਰਸ਼ਲ ਆਰਟ ਪ੍ਰਤੀ ਉਤਸ਼ਾਹਿਤ ਕਰਨ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਮਨਜੀਤ ਸਿੰਘ ਸਕੱਤਰ ਤੇ ਭਾਈ ਮੰਗਪ੍ਰੀਤ ਸਿੰਘ ਇੰਚਾਰਜ ਦੀ ਯੋਗ ਅਗਵਾਈ ਹੇਠ ਗੁਰਦੁਆਰਾ ਕਿਲ੍ਹਾ ਸਾਹਿਬ ਗਤਕਾ ਅਖਾੜਾ ਬੋਹ ਅਤੇ ਬਾਲਾ ਪ੍ਰੀਤਮ ਪ੍ਰਚਾਰ ਲਹਿਰ ਅੰਬਾਲਾ ਦੇ ਸਹਿਯੋਗ ਨਾਲ ਕਰਵਾਏ ਇਸ ਮੁਕਾਬਲੇ ਵਿੱਚ ਪੰਜਵੀਂ ਤੋਂ ਦਸਵੀਂ ਜਮਾਤ ਤੱਕ ਦੇ 104 ਬੱਚਿਆਂ ਨੇ ਹਿੱਸਾ ਲਿਆ। ਇਸ ਮੁਕਾਬਲੇ ਵਿੱਚ ਪਹਿਲੇ ਗਰੁੱਪ ਵਿੱਚੋਂ ਪਰਨੀਤ ਕੌਰ ਸ਼ਾਹਬਾਦ ਮਾਰਕੰਡਾ, ਜਸ਼ਨਪ੍ਰੀਤ ਸਿੰਘ ਅੰਬਾਲਾ, ਪਰਮਪ੍ਰੀਤ ਸਿੰਘ ਨਰਾਇਣਗੜ੍ਹ, ਗਗਨਦੀਪ ਸਿੰਘ ਬਪਰੋਰ, ਰਵਿੰਦਰ ਸਿੰਘ ਪਿਹੋਵਾ ਅਤੇ ਦੂਜੇ ਗਰੁੱਪ ਵਿੱਚੋਂ ਰੌਬਿਨ ਸਿੰਘ ਹੁਸ਼ਿਆਰਪੁਰ, ਭਵਨੀਤ ਸਿੰਘ ਅੰਬਾਲਾ, ਜਸਮੀਤ ਸਿੰਘ ਹੁਸ਼ਿਆਰਪੁਰ, ਹਰਕੀਰਤ ਸਿੰਘ ਅੰਬਾਲਾ ਨੇ ਪਹਿਲੇ ਸਥਾਨ ਹਾਸਲ ਕੀਤਾ। ਉਨ੍ਹਾਂ ਦੱਸਿਆ ਕਿ ਪਹਿਲਾ ਸਥਾਨ ਹਾਸਲ ਕਰਨ ਵਾਲੇ ਬੱਚਿਆਂ ਨੂੰ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਸਨਮਾਨ ਵੀ ਦਿੱਤੇ ਗਏ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਨੂੰ ਸਿੱਖ ਪਰੰਪਰਾ ਨਾਲ ਜੋੜਨ ਲਈ ਹੋਰ ਵੀ ਉਪਰਾਲੇ ਕੀਤੇ ਜਾਣਗੇ।