ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 5 ਅਗਸਤ
ਇਥੇ ਮਾਰਕੰਡੇਸ਼ਵਰ ਹਾਕੀ ਸਟੇਡੀਅਮ ਵਿੱਚ ਚਲ ਰਹੇ ਪ੍ਰੀ-ਨਹਿਰੂ ਹਾਕੀ ਅੰਡਰ 15 ਲੜਕੇ ਤੇ ਅੰਡਰ 17 ਲੜਕੇ ਤੇ ਲੜਕੀਆਂ ਦੇ ਮੈਚ ਅੱਜ ਸਮਾਪਤ ਹੋ ਗਏ। ਕੁਰੂਕਸ਼ੇਤਰ ਦੀ ਅੰਡਰ 15 ਵਿੱਚ ਲੜਕਿਆਂ ਦੀ ਟੀਮ ਤੇ ਅੰਡਰ 17 ਵਿੱਚ ਲੜਕਿਆਂ ਤੇ ਲੜਕੀਆਂ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕਰ ਓਵਰਆਲ ਚੈਂਪੀਅਨਸ਼ਿਪ ਜਿੱਤ ਲਈ ਹੈ। ਪ੍ਰੋਗਰਾਮ ਵਿੱਚ ਬਤੌਰ ਮੁੱਖ ਮਹਿਮਾਨ ਸਥਾਨਕ ਵਿਧਾਇਕ ਤੇ ਸ਼ੂਗਰ ਫੈੱਡ ਦੇ ਚੇਅਰਮੈਨ ਰਾਮ ਕਰਨ ਕਾਲਾ ਤੇ ਖੇਡ ਮੰਤਰੀ ਦੇ ਪਿਤਾ ਗੁਰਚਰਨ ਸਿੰਘ ਨੇ ਸ਼ਿਰਕਤ ਕੀਤੀ। ਰਾਮ ਕਰਨ ਕਾਲਾ ਨੇ ਕਿਹਾ ਕਿ ਸ਼ਾਹਬਾਦ ਦੀ ਧਰਤੀ ਨੇ ਹਾਕੀ ਦੇ ਖੇਤਰ ਵਿੱਚ ਰਾਸ਼ਟਰੀ ਤੇ ਅੰਤਰਰਾਸ਼ਟਰੀ ਖਿਡਾਰੀ ਪੈਦਾ ਕੀਤੇ ਹਨ। ਜਿਨ੍ਹਾਂ ਨੇ ਨਾ ਸਿਰਫ ਸ਼ਾਹਬਾਦ ਦਾ ਹੀ ਬਲਕਿ ਹਰਿਆਣਾ ਤੇ ਪੂਰੇ ਦੇਸ਼ ਦਾ ਨਾਂ ਅੰਤਰਰਾਸ਼ਟਰੀ ਪੱਧਰ ’ਤੇ ਰੁਸ਼ਨਾਇਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਤੇ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਦੀ ਅਗਵਾਈ ਵਿੱਚ ਸੂਬੇ ਦੇ ਖਿਡਾਰੀ ਹਰ ਰਾਸ਼ਟਰੀ ਤੇ ਅੰਤਰਸ਼ਟਰੀ ਟੁਰਨਾਮੈਂਟ ਵਿੱਚ ਸੂਬੇ ਦਾ ਨਾਂ ਰੌਸ਼ਨ ਕਰ ਰਹੇ ਹਨ। ਖੇਡ ਮੰਤਰੀ ਦੇ ਪਿਤਾ ਗੁਰਚਰਨ ਸਿੰਘ ਨੇ ਕਿਹਾ ਹੈ ਕਿ ਉਹ ਖੁਦ ਇਕ ਸਪੋਰਟਸ ਮੈਨ ਰਹੇ ਹਨ ਤੇ ਉਨ੍ਹਾਂ ਦਾ ਪੂਰਾ ਪਰਿਵਾਰ ਖੇਡਾਂ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਖੇਡਾਂ ਨਾਲ ਵਿਅਕਤੀ ਦਾ ਚਹੁੰਮੁੱਖੀ ਵਿਕਾਸ ਹੁੰਦਾ ਹੈ । ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਏਈਓ ਪਾਲ ਬੰਸਲ ਨੇ ਦੱਸਿਆ ਕਿ ਇਸ ਮੁਕਾਬਲੇ ਦੇ ਸਾਰੇ ਵਰਗਾਂ ਵਿੱਚ ਕੁਰੂਕਸ਼ੇਤਰ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। ਅੰਡਰ 15 ਵਿੱਚ ਲੜਕਿਆਂ ਦੀ ਟੀਮ ਵਿੱਚ ਜੀਂਦ ਨੇ ਦੂਜਾ ਤੇ ਰੋਹਤਕ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ 17 ਵਿੱਚ ਲੜਕਿਆਂ ਦੀ ਟੀਮ ਵਿਚ ਭਿਵਾਨੀ ਨੇ ਦੂਜਾ ਤੇ ਫਰੀਦਾਬਾਦ ਨੇ ਤੀਜਾ ਸਥਾਨ ਹਾਸਲ ਕੀਤਾ। ਜੇਤੂ ਟੀਮਾਂ ਨੇ ਮੁੱਖ ਮਹਿਮਾਨ ਕਾਲਾ ਨੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਪਾਲਿਕਾ ਪ੍ਰਧਾਨ ਗੁਲਸ਼ਨ ਕਵਾਤਰਾ, ਵਿਧਾਇਕ ਦੇ ਰਾਜਨੀਤਕ ਸਲਾਹਕਾਰ ਵਿਸ਼ਣੂ ਭਗਵਾਨ ਗੁਪਤਾ, ਰਮੇਸ਼ ਕਸ਼ਯਪ, ਦਇਆ ਸਿੰਘ ਸੁਆਮੀ, ਰਮੇਸ਼ ਸੇਣੀ, ਭੀਟੀ ਆਈ ਨਰੇਸ਼।ਸੁਰਿੰਦਰ ਵਧਵਾ, ਜਸਬੀਰ ਸਿੰਘ ਤੋਂ ਇਲਾਵਾ ਕਈ ਸਕੂਲਾਂ ਦੇ ਡੀ ਪੀ ਆਈ ਤੇ ਪੀ ਟੀ ਆਈ ਤੇ ਖੇਡ ਪ੍ਰੇਮੀ ਮੌਜੂਦ ਸਨ।