ਪੱਤਰ ਪ੍ਰੇਰਕ
ਫਰੀਦਾਬਾਦ, 23 ਜੂਨ
ਮਹਿਲਾ ਥਾਣਾ ਬੱਲਬਗੜ੍ਹ ਦੀ ਇੰਚਾਰਜ ਨੇਹਾ ਰਾਠੀ, ਇੰਸਪੈਕਟਰ ਮਾਇਆ ਅਤੇ ਦੁਰਗਾ ਸ਼ਕਤੀ ਦੀ ਟੀਮ ਨੇ ਔਰਤਾਂ ਵਿਰੁੱਧ ਹੋ ਰਹੇ ਅਪਰਾਧਾਂ ਨੂੰ ਲੈ ਕੇ ਮਹਿਲਾਵਾਂ ਨੂੰ ਜਾਗਰੂਕ ਕੀਤਾ। ਇਸ ਮੌਕੇ ਪੁਲੀਸ ਨੇ ਔਰਤਾਂ ਅਤੇ ਵਿਦਿਆਰਥਣਾਂ ਨਾਲ ਛੇੜਛਾੜ ਕਰਨ ਵਾਲੇ 6 ਵਿਅਕਤੀਆਂ ਨੂੰ ਗ੍ਰਿਫਤਾਰ ਵੀ ਕੀਤਾ। ਪੁੱਛਣ ‘ਤੇ ਪਤਾ ਲੱਗਿਆ ਕਿ ਮੱਧ ਵਰਗ ਦੇ ਨੌਜਵਾਨ ਕਾਲਜ ਵਿਚ ਪੜ੍ਹਦੇ ਵਿਦਿਆਰਥੀ ਹਨ ਤੇ ਆਉਣ ਜਾਣ ਵਾਲੀਆਂ ਲੜਕੀਆਂ ਅਤੇ ਔਰਤਾਂ ’ਤੇ ਭੱਦੀਆਂ ਟਿੱਪਣੀਆਂ ਕਰਦੇ ਹਨ। ਇਸ ਦੌਰਾਨ ਸ਼ਰਾਰਤੀ ਅਨਸਰਾਂ ਨੂੰ ਕਾਬੂ ਕਰਨ ਲਈ ਸਾਦੀ ਵਰਦੀ ਵਿੱਚ ਮਹਿਲਾ ਪੁਲੀਸ ਮੁਲਾਜ਼ਮ ਮੌਜੂਦ ਸਨ। ਨੌਜਵਾਨਾਂ ਨੇ ਸਾਦੀ ਵਰਦੀ ਵਿੱਚ ਤਾਇਨਾਤ ਪੁਲੀਸ ਮੁਲਾਜ਼ਮਾਂ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮਹਿਲਾ ਪੁਲੀਸ ਨੇ ਮੌਕੇ ਤੋਂ ਉਨ੍ਹਾਂ ਨੂੰ ਕਾਬੂ ਕਰ ਲਿਆ। ਮਹਿਲਾ ਥਾਣਾ ਬੱਲਬਗੜ੍ਹ ਮਹਿਲਾ ਥਾਣਾ ਐੱਨਆਈਟੀ ਅਤੇ ਦੁਰਗਾ ਸ਼ਕਤੀ ਦੀ ਟੀਮ ਨੇ ਦੋ ਵਿਅਕਤੀਆਂ ਨੂੰ ਕਾਬੂ ਕਰ ਲਿਆ। ਛੇੜਛਾੜ ਕਰਨ ਵਾਲੇ ਨੌਜਵਾਨਾਂ ਦੇ ਪਰਿਵਾਰਾਂ ਨੂੰ ਥਾਣੇ ਬੁਲਾ ਕੇ ਸਖ਼ਤ ਹਦਾਇਤ ਕੀਤੀ ਗਈ ਕਿ ਜੇ ਉਨ੍ਹਾਂ ਫੇਰ ਅਜਿਹਾ ਕੀਤਾ ਤਾਂ ਉਨ੍ਹਾਂ ਖ਼ਿਲਾਫ਼ ਕਾਨੂੰਨ ਤਹਿਤ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇੰਚਾਰਜ ਨੇਹਾ ਰਾਠੀ ਨੇ ਪਾਰਕ ਵਿੱਚ ਔਰਤਾਂ ਨੂੰ ਸੁਰੱਖਿਆ ਪ੍ਰਤੀ ਜਾਗਰੂਕ ਕੀਤਾ। ਉਨ੍ਹਾਂ ਦੱਸਿਆ ਕਿ ਪੁਲੀਸ ਦਾ ਉਦੇਸ਼ ਹੈ ਕਿ ਔਰਤਾਂ ਸੁਰੱਖਿਅਤ ਰਹਿਣ, ਨਿਡਰ ਰਹਿਣ, ਸਿਹਤਮੰਦ ਰਹਿਣ। ਮਹਿਲਾ ਪੁਲੀਸ ਟੀਮ ਨੇ ਔਰਤਾਂ ਅਤੇ ਲੜਕੀਆਂ ਨੂੰ ਜੁਰਮਾਂ ਤੋਂ ਸੁਚੇਤ ਰਹਿਣ ਅਤੇ ਔਰਤਾਂ ’ਤੇ ਹੁੰਦੇ ਜ਼ੁਲਮ ਦੇ ਖਿਲਾਫ ਆਵਾਜ਼ ਬੁਲੰਦ ਕਰਨ ਲਈ ਜਾਗਰੂਕ ਕੀਤਾ।