ਰਤਨ ਸਿੰਘ ਢਿੱਲੋਂ
ਅੰਬਾਲਾ, 27 ਨਵੰਬਰ
ਅੰਬਾਲਾ ਪੁਲੀਸ ਨੇ ਅੱਜ ਫਿਰ ਹਜ਼ਾਰਾਂ ਦੀ ਗਿਣਤੀ ਵਿੱਚ ਦਿੱਲੀ ਜਾ ਰਹੇ ਕਿਸਾਨਾਂ ਨੂੰ ਸ਼ੰਭੂ ਬਾਰਡਰ ’ਤੇ ਬੀਤੇ ਦਿਨ ਵਾਂਗ ਰੋਕਾਂ ਖੜ੍ਹੀਆਂ ਕਰ ਕੇ ਡੱਕਣ ਦੀ ਕੋਸ਼ਿਸ਼ ਕੀਤੀ ਪਰ ਕਿਸਾਨਾਂ ਨੇ ਸਭ ਰੋਕਾਂ ਤੋੜ ਦਿੱਤੀਆਂ।
ਘੱਗਰ ਦਰਿਆ ਦੇ ਪੁਲ ’ਤੇ ਅੰਬਾਲਾ ਪੁਲੀਸ ਵੱਲੋਂ ਲਾਏ ਗਏ ਬੈਰੀਕੇਡ ਚੁੱਕ ਕੇ ਦਰਿਆ ਵਿਚ ਸੁੱਟ ਦਿੱਤੇ। ਅੱਜ ਐੱਸਪੀ ਰਾਜੇਸ਼ ਕਾਲੀਆ ਖੁਦ ਜਲ ਤੋਪ ’ਤੇ ਚੜ੍ਹ ਕੇ ਫੋਰਸ ਨੂੰ ਨਿਰਦੇਸ਼ ਦੇ ਰਹੇ ਸਨ ਪਰ ਨੌਜਵਾਨਾਂ ਨੇ ਬੈਰੀਕੇਡਾਂ ਨਾਲ ਬੰਨ੍ਹੇ ਹੋਏ ਸੰਗਲ ਤੋੜ ਕੇ ਪ੍ਰਦਰਸ਼ਨ ਕੀਤਾ ਅਤੇ ਬੈਰੀਕੇਡ ਚੁੱਕ ਕੇ ਘੱਗਰ ਦਰਿਆ ਵਿੱਚ ਸੁੱਟ ਦਿੱਤੇ। ਪੁਲੀਸ ਨੇ ਅੱਜ ਫਿਰ ਹੰਝੂ ਗੈਸ ਦੇ ਗੋਲੇ ਦਾਗੇ ਪਰ ਰੋਕਾਂ ਲਾਉਣ ਲਈ ਕੀਤੇ ਸਾਰੇ ਪ੍ਰਬੰਧ ਕਿਸਾਨਾਂ ਦੇ ਹੌਸਲਿਆਂ ਅੱਗੇ ਢਹਿ-ਢੇਰੀ ਹੋ ਗਏ। ਕਿਸਾਨ ਸਾਰੀਆਂ ਰੋਕਾਂ ਤੋੜ ਕੇ ਦਿੱਲੀ ਵੱਲ ਵਧ ਗਏ।
ਐੱਸਪੀ ਰਾਜੇਸ਼ ਕਾਲੀਆ ਨੇ ਕਿਹਾ ਕਿ ਉਨ੍ਹਾਂ ਅੱਜ ਪੂਰੇ ਬੰਦੋਬਸਤ ਕਰ ਕੇ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ ਪਰ ਨੌਜਵਾਨਾਂ ਅਤੇ ਕਿਸਾਨਾਂ ਵਿੱਚ ਕਾਫੀ ਉਤਸ਼ਾਹ ਹੈ। ਉਨ੍ਹਾਂ ਕਿਹਾ ਕਿ ਅੱਜ ਵੀ ਸਥਿਤੀ ਬੀਤੇ ਦਿਨ ਵਰਗੀ ਹੀ ਸੀ। ਬਾਅਦ ਵਿੱਚ ਐੱਸਪੀ ਨੇ ਦੱਸਿਆ ਕਿ ਅੰਬਾਲਾ ਦੇ ਸ਼ੰਭੂ ਅਤੇ ਸੱਦੋਪੁਰ ਦੋਵੇਂ ਬਾਰਡਰ ਖੋਲ੍ਹ ਦਿੱਤੇ ਗਏ ਹਨ। ਹੁਣ ਪੰਜਾਬ ਅਤੇ ਹਰਿਆਣਾ ਵਿਚਕਾਰ ਕਿਸੇ ਨੂੰ ਵੀ ਆਉਣ-ਜਾਣ ਤੋਂ ਰੋਕਿਆ ਨਹੀਂ ਜਾਵੇਗਾ। ਹਰਿਆਣਾ ਪੁਲੀਸ ਵੱਲੋਂ ਸਭ ਬੈਰੀਕੇਡ ਹਟਾਏ ਜਾ ਰਹੇ ਹਨ। ਸ਼ਾਮ ਨੂੰ ਜੀਟੀ ਰੋਡ ’ਤੇ ਆਵਾਜਾਈ ਆਮ ਵਾਂਗ ਸ਼ੁਰੂ ਹੋ ਗਈ।
ਸ਼ੰਭੂ ਬੈਰੀਅਰ ਤੋਂ ਕਰੀਬ 50 ਹਜ਼ਾਰ ਕਿਸਾਨਾਂ ਨੇ ਟੱਪੀ ਸਰਹੱਦ
ਸ਼ੰਭੂ ਬਾਰਡਰ (ਸਰਬਜੀਤ ਸਿੰਘ ਭੰਗੂ/ਗੁੁਰਪ੍ਰੀਤ ਸਿੰਘ): ਖੁਫ਼ੀਆ ਏਜੰਸੀਆਂ ਭਾਵੇਂ ਸ਼ੰਭੂ ਬੈਰੀਅਰ ਰਾਹੀਂ 30 ਹਜ਼ਾਰ ਕਿਸਾਨਾਂ ਦੇ ਲੰਘਣ ਦੀ ਗੱਲ ਕਰਦੀਆਂ ਹਨ ਪਰ ਇਸ ਅੰਦੋਲਨ ਦੌਰਾਨ ਵਧੇਰੇ ਉਭਰ ਕੇ ਸਾਹਮਣੇ ਆਏ ਕਿਸਾਨ ਨੇਤਾ ਜਗਮੋਹਣ ਸਿੰਘ ਪਟਿਆਲਾ ਤੇ ਡਾ. ਦਰਸ਼ਨਪਾਲ ਪਟਿਆਲਾ ਸਮੇਤ ਬਲਬੀਰ ਸਿੰਘ ਰਾਜੇਵਾਲ ਸਮੇਤ ਕੁਝ ਹੋਰਨਾ ਦਾ ਤਰਕ ਸੀ ਕਿ ਇਕੱਲੇ ਸ਼ੰਭੂ ਬੈਰੀਅਰ ਰਾਹੀ ਹੀ ਪੰਜਾਹ ਹਜ਼ਾਰ ਤੋਂ ਵੱਧ ਕਿਸਾਨ ਹਰਿਆਣਾ ’ਚ ਪ੍ਰਵੇਸ਼ ਕੀਤੇ। ਤਰਕ ਸੀ ਕਿਸਾਨ 24 ਨਵੰਬਰ ਨੂੰ ਹੀ ਜਾਣੇ ਸ਼ੁਰੂ ਹੋ ਗਏ ਸਨ। ਉਧਰ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਪ੍ਰਧਾਨ ਸੁਰਜੀਤ ਫੂਲ ਤੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਵਾਜਪੁਰ ਨੇ ਦੱਸਿਆ ਕਿ ਉਨ੍ਹਾਂ ਦੀ ਜਥੇਬੰਦੀ ਦੇ ਕਈ ਹਜ਼ਾਰ ਕਿਸਾਨਾਂ ਨੇ ਚੀਕਾ ਰਾਹੀਂ ਹਰਿਆਣਾ ’ਚ ਪ੍ਰਵੇਸ਼ ਕੀਤਾ। ਰਾਜੇਵਾਲ ਗਰੁੱਪ ਦੇ ਬੁਲਾਰੇ ਅਮਰਿੰਦਰ ਸਿੰਘ ਰਾਠੀਆਂ ਤੇ ਨਰਿੰਦਰ ਲੇਹਲਾਂ, ਬਹਿਰੂ ਧੜੇ ਦੇ ਸੇਵਾ ਸਿੰਘ ਪਨੌਦੀਆਂ ਤੇ ਗੁਰਮੇਲ ਬੋਸਰ, ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰਧਾਨ ਗੁਰਬਖਸ਼ ਬਲਬੇੇੜਾ ਤੇ ਪ੍ਰੇਮ ਸਿੰਘ ਕੱਲਰਭੈਣੀ ਵੀ ਇਸ ਦਿੱਲੀ ਚੱਲੋ ਪ੍ਰੋਗਰਾਮ ਦੀ ਅਗਵਾਈ ਕਰਨ ਵਾਲਿਆਂ ’ਚ ਸ਼ੁਮਾਰ ਰਹੇ। ਅਕਾਲੀ ਦਲ ਡੈਮੋਕਰੈਟਿਕ ਦੇ ਨੇਤਾ ਪਰਮਿੰਦਰ ਢਂਡਡਸਾ, ਤੇਜਿੰਦਰਪਾਲ ਸੰਧੂ, ਨਾਹਰ ਸਿੰਘ ਮਾਜਰੀ, ਰਣਧੀਰ ਸਮੂਰਾਂ, ਸਤਗੁਰ ਨਮੋਲ, ਅਕਾਲੀ ਦਲ ਦੇ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸੁਰਜਤ ਸਿੰਘ ਗੜ੍ਹੀ ਨੇ ਕੇਂਦਰ ਤੇ ਹਰਿਆਣਾ ਸਰਕਾਰਾਂ ਦੇ ਰਵੱਈਏ ਦੀ ਨਿਖੇਧੀ ਕੀਤੀ।