ਦਵਿੰਦਰ ਸਿੰਘ
ਯਮੁਨਾਨਗਰ, 18 ਜਨਵਰੀ
ਹਰਿਆਣਾ ਸਰਕਾਰ ਵੱਲੋਂ ਸੂਬੇ ਭਰ ਦੀਆਂ ਫੈਕਟਰੀਆਂ ਵਿੱਚ 75 ਫ਼ੀਸਦੀ ਨੌਕਰੀਆਂ ਹਰਿਆਣਾ ਦੇ ਵਾਸੀਆਂ ਨੂੰ ਦੇਣ ਦੇ ਜਾਰੀ ਕੀਤੇ ਗਏ ਹੁਕਮਾਂ ਕਾਰਨ ਫੈਕਟਰੀ ਮਾਲਕਾਂ ਵਿੱਚ ਕਾਫੀ ਨਾਰਾਜ਼ਗੀ ਪਾਈ ਜਾ ਰਹੀ ਹੈ। ਯਮੁਨਾਨਗਰ ਵਿੱਚ ਪਲਾਈਵੁੱਡ ਸਨਅਤਾਂ ਦੀ ਵੱਖਰੀ ਪਛਾਣ ਹੈ, ਜਿਨ੍ਹਾਂ ਵਿੱਚ ਨੇਪਾਲ, ਬੰਗਾਲ, ਯੂਪੀ, ਉੜੀਸਾ ਅਤੇ ਬਿਹਾਰ ਦੇ ਹੁਨਰਮੰਦ ਵਰਕਰ ਕੰਮ ਕਰਦੇ ਹਨ, ਜਦਕਿ ਹਰਿਆਣਾ ਪ੍ਰਦੇਸ਼ ਦੇ ਬਹੁਤ ਹੀ ਘੱਟ ਗਿਣਤੀ ਵਿੱਚ ਨੌਜਵਾਨ ਕੰਮ ਕਰਦੇ ਹਨ। ਆਲ ਇੰਡੀਆ ਪਲਾਈਵੁੱਡ ਮੈਨਿਊਫੈਕਚਰ ਐਸੋਸੀਏਸ਼ਨ ਦੇ ਪ੍ਰਧਾਨ ਦੇਵਿੰਦਰ ਚਾਵਲਾ ਦਾ ਕਹਿਣਾ ਹੈ ਕਿ ਇਨ੍ਹਾਂ ਫੈਕਟਰੀਆਂ ਵਿੱਚ ਕੈਮਿਸਟ, ਬਵਲਾਇਰ ਐਟੈਂਨਡੈਂਟ ਅਤੇ ਹੋਰ ਮੁਹਾਰਤ ਹਾਸਲ ਤਕਨੀਕੀ ਵਰਕਰਾਂ ਦੀ ਜ਼ਰੂਰਤ ਹੁੰਦੀ ਹੈ ਪਰ ਇਹ ਹੁਨਰਵੰਦ ਵਰਕਰ ਹਰਿਆਣਾ ਪ੍ਰਦੇਸ਼ ਵਿੱਚ ਬਹੁਤ ਹੀ ਘੱਟ ਗਿਣਤੀ ਵਿੱਚ ਹਨ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਸਰਕਾਰ ਆਈਟੀਆਈ ਅਤੇ ਹੋਰ ਸੰਸਥਾਨਾਂ ਵਿੱਚ ਇਹ ਮਾਹਿਰ ਤਿਆਰ ਕਰੇ ਫਿਰ ਨੌਜਵਾਨਾਂ ਨੂੰ ਲੋੜ ਮੁਤਾਬਕ ਫੈਕਟਰੀਆਂ ਵਿੱਚ ਰੁਜ਼ਗਾਰ ਮੁਹੱਈਆ ਕਰਵਾਏ। ਉਨ੍ਹਾਂ ਨੇ ਕਿਹਾ ਕਿ ਕਰੋਨਾ ਕਾਲ ਵਿੱਚ ਪਹਿਲਾਂ ਹੀ ਇਹ ਉਦਯੋਗ ਮੰਦੀ ਦੀ ਮਾਰ ਸਹਿਣ ਕਰ ਰਹੇ ਹਨ। ਇਸ ਦੌਰਾਨ ਬੰਦ ਹੋ ਰਹੀਆਂ ਫੈਕਟਰੀਆਂ ਲਈ ਇਸ ਤਰ੍ਹਾਂ ਦੇ ਸਰਕਾਰੀ ਹੁਕਮ ਤਕਲੀਫ ਦੇਣ ਵਾਲੇ ਹੋਣਗੇ। ਉਨ੍ਹਾਂ ਨੇ ਕਿਹਾ ਕਿ ਫੈਕਟਰੀਆਂ ਵਿੱਚ ਜਿਹੜੇ ਹੁਨਰਮੰਦ ਲੋਕਾਂ ਦੀ ਜ਼ਰੂਰਤ ਹੈ, ਉਨ੍ਹਾਂ ਦੀ ਗਿਣਤੀ ਹਰਿਆਣਾ ਵਿੱਚ ਬਹੁਤ ਹੀ ਘੱਟ ਹੈ।