ਪੱਤਰ ਪ੍ਰੇਰਕ
ਯਮੁਨਾਨਗਰ, 1 ਸਤੰਬਰ
ਬੋਤਲ ਵਿੱਚ ਤੇਲ ਪਾਉਣ ਤੋਂ ਇਨਕਾਰ ਕਰਨ ’ਤੇ ਤਿੰਨ-ਚਾਰ ਨੌਜਵਾਨਾਂ ਨੇ ਪੈਟਰੋਲ ਪੰਪ ਦੇ ਕਰਿੰਦੇ ’ਤੇ ਹਮਲਾ ਕਰ ਦਿੱਤਾ। ਹਮਲਾਵਰਾਂ ਵਿੱਚੋਂ ਸਿਰਫ਼ ਇੱਕ ਦੀ ਪਛਾਣ ਰਾਮਪੁਰਾ ਕਲੋਨੀ ਵਾਸੀ ਕਨਿਕ ਵਜੋਂ ਹੋਈ ਹੈ ਪਰ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ। ਪੁਲੀਸ ਨੇ ਪੈਟਰੋਲ ਪੰਪ ਦੇ ਮੈਨੇਜਰ ਬਲਿੰਦਰ ਸਿੰਘ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਲਿਆ ਹੈ।
ਸੈਕਟਰ-17 ਵਿੱਚ ਸਥਿਤ ਪ੍ਰੇਰਕ ਫਿਲਿੰਗ ਸਟੇਸ਼ਨ ਦੇ ਮੈਨੇਜਰ ਬਲਿੰਦਰ ਸਿੰਘ ਨੇ ਦੱਸਿਆ ਕਿ ਮੋਟਰਸਾਈਕਲ ’ਤੇ ਆਇਆ ਨੌਜਵਾਨ ਸੇਲਜਮੈਨ ਸੰਜੇ ਨੂੰ ਬੋਤਲ ਵਿੱਚ ਤੇਲ ਪਾਉਣ ਲਈ ਕਹਿਣ ਲੱਗਿਆ। ਇਸ ਦੌਰਾਨ ਕਰਿੰਦੇ ਸੰਜੇ ਨੇ ਨਿਯਮਾਂ ਮੁਤਾਬਕ ਉਸ ਨੂੰ ਬੋਤਲ ਵਿੱਚ ਤੇਲ ਪਾਉਣ ਤੋਂ ਇਨਕਾਰ ਕਰ ਦਿੱਤਾ। ਇਸ ਕਾਰਨ ਇਨਕਾਰ ਕਰਨ ’ਤੇ ਤੇਲ ਪੁਆਉਣ ਆਏ ਨੌਜਵਾਨ ਨੇ ਆਪਣੇ ਹੋਰ ਸਾਥੀਆਂ ਨੂੰ ਬੁਲਾ ਕੇ ਸੰਜੇ ਦੀ ਕੁੱਟਮਾਰ ਕਰ ਦਿੱਤੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਮੁਲਜ਼ਮਾਂ ਨੇ ਸੰਜੇ ਤੋਂ ਕਰੀਬ ਛੇ ਹਜ਼ਾਰ ਰੁਪਏ ਦੀ ਨਗਦੀ ਵੀ ਖੋਹ ਲਈ ਹੈ।
ਇਸ ਸਬੰਧੀ ਸੈਕਟਰ-17 ਥਾਣੇ ਦੇ ਇੰਚਾਰਜ ਰਾਮਪਾਲ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਜਾਂਚ ਕਰ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ।