ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 21 ਦਸੰਬਰ
‘‘ਵਰਤਮਾਨ ’ਤੇ ਆਉਣ ਵਾਲੀਆਂ ਪੀੜੀਆਂ ਨੂੰ ਪੋਸ਼ਟਿਕ ਖਾਦ ਪਦਾਰਥ ਮੁੱਹਈਆ ਕਰਨ ਲਈ ਸੰਕਲਪ ਬੱਧ ਹੋਣਾ ਪਵੇਗਾ ਤੇ ਕਿਸਾਨਾਂ ਨੂੰ ਪੈਸਟੀਸਾਈਡ ਦਾ ਪ੍ਰਯੋਗ ਛੱਡ ਕੇ ਜੈਵਿਕ ਖਾਦ ਅਪਨਾਉਣ ਲਈ ਪ੍ਰੇਰਿਤ ਕਰਨਾ ਪਵੇਗਾ। ਜਿਸ ਲਈ ਪੈਸਟੀਸਾਈਡ ਵਿਕਰੇਤਾ ਆਪਣੀ ਅਹਿਮ ਭੂਮਿਕਾ ਅਦਾ ਕਰ ਸਕਦੇ ਹਨ ਕਿਉਂਕਿ ਉਹ ਕਿਸਾਨਾਂ ਨਾਲ ਸਿੱਧੇ ਜੁੜੇ ਹੁੰਦੇ ਹਨ।’’ ਇਹ ਪ੍ਰਗਟਾਵਾ ਸੀਕਰੀ ਫਾਰਮ ਦੇ ਸੰਸਥਾਪਕ ਕਰਨ ਸੀਕਰੀ ਨੇ ਆਪਣੇ ਫਾਰਮ ਵਿਚ ਆਏ ਸਿਖਿਆਰਥੀਆਂ ਨੂੰ ਸੰਬੋਧਨ ਕਰਦਿਆਂ ਕੀਤਾ। ਪੈਸਟੀਸਾਈਡ ਵਿਕਰੇਤਾ ਸਿਖਿਆਰਥੀ ਖੇਤੀ ਤੇ ਕਿਸਾਨ ਕਲਿਆਣ ਵਿਭਾਗ ਹਰਿਆਣਾ ਵੱਲੋਂ ਜੀਂਦ ਵਿੱਚ ਸਥਾਪਿਤ ਹਰਿਆਣਾ ਐਗਰੀਕਲਚਰ ਮੈਨੇਜਮੈਂਟ ਐਂਡ ਐਕਸਟੈਨਸ਼ਨ ਟਰੇਨਿੰਗ ਇੰਸੀਟੀਚਿਊਟ ਹਮੇਟੀ ਦੇ ਤਹਿਤ ਸ਼ਾਹਬਾਦ ਦੇ ਡੰਗਾਲੀ ਪਿੰਡ ’ਚ ਸਥਿਤ ਸੀਕਰੀ ਫਾਰਮ ਦਾ ਦੌਰਾ ਕਰਨ ਲਈ ਆਇਆ ਸੀ। ਜਿਸ ਦੀ ਅਗਵਾਈ ਹਮੇਟੀ ਦੇ ਡਿਪਟੀ ਡਾਇਰੈਕਟਰ ਤੇ ਹਰਿਆਣਾ ਖੇਤੀ ਯੂਨੀਵਰਸਿਟੀ ਤੋਂ ਸੇਵਾ ਮੁਕਤ ਪਲਾਂਟ ਪੈਥੋਲਾਜੀ ਪ੍ਰੋਫੈਸਰ ਡਾ. ਜੇ ਐੱਨ ਭਾਟੀਆ ਨੇ ਕੀਤੀ। ਸਿਖਿਆਰਥੀਆਂ ਨੇ ਫਾਰਮ ਵਿੱਚ ਜੈਵਿਕ ਖਾਦ ਦੇ ਨਿਰਮਾਣ ਦੀ ਕ੍ਰਿਆ ਨੂੰ ਬਾਰੀਕੀ ਨਾਲ ਜਾਣਿਆ। ਫਾਰਮ ਦੇ ਸੰਸਥਾਪਕ ਕਰਣ ਸੀਕਰੀ ਨੇ ਉਨਾਂ ਨੂੰ ਜੈਵਿਕ ਖਾਦ ਦੀ ਜ਼ਰੂਰਤ ਤੇ ਉਪਲਭਤਾ ਬਾਰੇ ਮਹੱਤਵ ਪੂਰਨ ਜਾਣਕਾਰੀਆਂ ਦਿੱਤੀਆਂ ਤੇ ਉਨ੍ਹਾਂ ਵੱਲੋਂ ਪੁੱਛੇ ਸੁਆਲਾਂ ਦੇ ਜੁਆਬ ਦਿੱਤੇ। ਕਰਣ ਸੀਕਰੀ ਨੇ ਦੱਸਿਆ ਕਿ ਜੈਵਿਕ ਖਾਦ ਅੱਜ ਦੀ ਜ਼ਰੂਰਤ ਹੈ ਤੇ ਧਰਤੀ ਨੂੰ 600 ਲੱਖ ਕ ਟਨ ਜੈਵਿਕ ਖਾਦ ਦੀ ਲੋੜ ਹੈ। ਡਾ. ਭਾਟੀਆ ਨੇ ਵੀ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਬਚਾਏ ਰੱਖਣ ਲਈ ਜੈਵਿਕ ਖਾਦ ਦੀ ਮਹੱਤਤਾ ’ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਜੈਵਿਕ ਖਾਦ ਜ਼ਮੀਨ ਦੀ ਫਿਜ਼ੀਕਲ, ਕੈਮੀਕਲ ਤੇ ਬਾਇਓਲਾਜ਼ਿਕਲ ਕੰਡੀਸ਼ਨ ਨੂੰ ਸੁਧਾਰਦੀ ਹੈ। ਇਸ ਮੌਕੇ ਸੁਨਾਲ ਮਹਾਜਨ, ਗੌਰਵ ਕੁਮਾਰ, ਵਰੂਣ ਕੁਮਾਰ, ਰਾਕੇਸ਼ ਸ਼ਰਮਾ, ਜੀ ਪੀ , ਜਿਤੇਂਦਰ ,ਅਸ਼ਵਨੀ ਤੇ ਸੀਆ ਨੰ ਆਦਿ ਮੌਜੂਦ ਸਨ।