ਸਤਪਾਲ ਰਾਮਗੜ੍ਹੀਆ
ਪਿਹੋਵਾ, 8 ਜੁਲਾਈ
ਕਸਬੇ ਦੇ ਵਾਰਡ ਨੰਬਰ 11 ਬ੍ਰਹਮਯੋਨੀ ਤੀਰਥ ਰੋਡ ’ਤੇ ਇਲਾਜ ਦੌਰਾਨ ਗਰਭਵਤੀ ਔਰਤ ਤੇ ਨਵਜੰਮੀ ਬੱਚੀ ਦੀ ਮੌਤ ਹੋ ਜਾਣ ਦਾ ਮਾਮਲਾ ਭਖ਼ ਗਿਆ| ਰਿਸ਼ਤੇਦਾਰਾਂ ਦਾ ਦੋਸ਼ ਹੈ ਕਿ ਹਸਪਤਾਲ ਦੇ ਪ੍ਰਬੰਧਕਾਂ ਅਤੇ ਮਹਿਲਾ ਡਾਕਟਰ ਦੀ ਲਾਪ੍ਰਵਾਹੀ ਕਾਰਨ ਗਰਭਵਤੀ ਔਰਤ ਅਤੇ ਬੱਚੀ ਦੀ ਜਾਨ ਗਈ ਹੈ। ਗੁੱਸੇ ਵਿੱਚ ਆਏ ਪਰਿਵਾਰਕ ਮੈਂਬਰਾਂ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਲੈ ਕੇ ਮੇਨ ਚੌਕ ’ਤੇ ਅੰਬਾਲਾ-ਹਿਸਾਰ ਹਾਈਵੇਅ ਜਾਮ ਕਰ ਦਿੱਤਾ।
ਜਾਮ ਦੀ ਸੂਚਨਾ ਮਿਲਦਿਆਂ ਹੀ ਤਹਿਸੀਲਦਾਰ ਪ੍ਰਿਯੰਕਾ, ਡੀਐੱਸਪੀ ਗੁਰਮੇਲ ਸਿੰਘ, ਐੱਸਐੱਚਓ ਨਿਰਮਲ ਸਿੰਘ, ਐੱਸਐੱਚਓ ਸਿਟੀ ਰਾਜੀਵ ਕੁਮਾਰ ਅਤੇ ਇਸਮਾਈਲਾਬਾਦ ਦੇ ਐੱਸਐੱਚਓ ਜਗਦੀਸ਼ ਟਾਮਕ ਮੌਕੇ ’ਤੇ ਪੁੱਜੇ, ਪਰ ਪਰਿਵਾਰ ਤੇ ਇਲਾਕੇ ਦੇ ਲੋਕ ਜਾਮ ਖੋਲ੍ਹਣ ਲਈ ਰਾਜ਼ੀ ਨਹੀਂ ਹੋਏ। ਬਾਅਦ ਦੁਪਹਿਰ 3.30 ਵਜੇ ਤੋਂ ਲਗਪਗ 5 ਵਜੇ ਤੱਕ ਹਾਈਵੇਅ ਜਾਮ ਕੀਤਾ ਗਿਆ। ਇਸ ਦੌਰਾਨ ਪੁਲੀਸ ਨੇ ਬਾਈਪਾਸ ਤੋਂ ਆਵਾਜਾਈ ਨੂੰ ਮੋੜ ਕੇ ਵਾਹਨਾਂ ਨੂੰ ਕੱਢਿਆ। ਮ੍ਰਿਤਕ ਔਰਤ ਦੇ ਪਤੀ ਵਾਰਡ ਨੰਬਰ 11 ਵਾਸੀ ਮਹੇਸ਼ ਕੁਮਾਰ ਨੇ ਦੱਸਿਆ ਕਿ ਉਸ ਦੀ ਪਤਨੀ ਪੂਨਮ ਸਿੰਘ (28) ਨੌਂ ਮਹੀਨਿਆਂ ਦੀ ਗਰਭਵਤੀ ਸੀ। ਉਸ ਦਾ ਇੱਕ ਨਿੱਜੀ ਹਸਪਤਾਲ ਵਿੱਚ ਰੂਟੀਨ ਚੈਕਅੱਪ ਚੱਲ ਰਿਹਾ ਸੀ। ਇੱਥੋਂ ਦੀ ਇੱਕ ਮਹਿਲਾ ਡਾਕਟਰ ਨੇ ਉਸ ਨੂੰ ਜਣੇਪੇ ਲਈ ਸੱਤ ਜੁਲਾਈ ਦੀ ਤਰੀਕ ਦਿੱਤੀ ਸੀ। ਇਸ ਲਈ ਪੂਨਮ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਦੁਪਹਿਰ ਇੱਕ ਵਜੇ ਦੇ ਕਰੀਬ ਮਹਿਲਾ ਡਾਕਟਰ ਨੇ ਉਸ ਨੂੰ ਦੱਸਿਆ ਕਿ ਉਸ ਦੀ ਪਤਨੀ ਨੇ ਲੜਕੀ ਨੂੰ ਜਨਮ ਦਿੱਤਾ ਹੈ, ਜਿਸ ਦੀ ਮੌਤ ਹੋ ਗਈ ਅਤੇ ਉਸ ਦੀ ਪਤਨੀ ਦੀ ਵੀ ਹਾਲਤ ਗੰਭੀਰ ਹੈ। ਉਨ੍ਹਾਂ ਦੱਸਿਆ ਕਿ ਕੁੱਝ ਸਮੇਂ ਮਗਰੋਂ ਪੂਨਮ ਦੀ ਹਾਲਤ ਵਿਗੜਨ ’ਤੇ ਡਾਕਟਰਾਂ ਨੇ ਕਿਤੇ ਹੋਰ ਲਿਜਾਣ ਲਈ ਕਿਹਾ। ਜਦੋਂ ਉਹ ਆਪਣੀ ਪਤਨੀ ਨੂੰ ਕੁਰੂਕਸ਼ੇਤਰ ਵਿੱਚ ਹਸਪਤਾਲ ਪਹੁੰਚਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪਤੀ ਦਾ ਦੋਸ਼ ਹੈ ਕਿ ਡਾਕਟਰ ਦੀ ਲਾਪ੍ਰਵਾਹੀ ਕਾਰਨ ਉਸ ਦੀ ਧੀ ਅਤੇ ਪਤਨੀ ਦੀ ਜਾਨ ਚਲੀ ਗਈ ਹੈ। ਇਸ ਲਈ ਉਸ ਵਿਰੁੱਧ ਕੇਸ ਦਰਜ ਕੀਤਾ ਜਾਵੇ। ਉਨ੍ਹਾਂ ਪੁਲੀਸ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ।
ਦੱਸਿਆ ਜਾ ਰਿਹਾ ਹੈ ਕਿ ਸੁਪਰੀਮ ਕੋਰਟ ਦੇ ਨਿਰਦੇਸ਼ ਹਨ ਕਿ ਜਦੋਂ ਤੱਕ ਡਾਕਟਰ ’ਤੇ ਦੋਸ਼ ਤੈਅ ਨਹੀਂ ਹੁੰਦੇ, ਉਦੋਂ ਤੱਕ ਉਸ ਖ਼ਿਲਾਫ਼ ਕੋਈ ਕੇਸ ਦਰਜ ਨਹੀਂ ਕੀਤਾ ਜਾਵੇਗਾ। ਇਸ ਭੰਬਲਭੂਸੇ ਵਿੱਚ ਪੁਲੀਸ ਵੀ ਪੋਸਟਮਾਰਟਮ ਦੀ ਰਿਪੋਰਟ ਆਉਣ ਤੱਕ ਇਤਜ਼ਾਰ ਕਰ ਰਹੀ ਹੈ। ਪੁਲੀਸ ’ਤੇ ਕਾਰਵਾਈ ਲਈ ਦਬਾਅ ਪਾਉਣ ਲਈ ਪਰਿਵਾਰ ਤੇ ਜਾਣਕਾਰਾਂ ਨੇ ਜਾਮ ਲਾਇਆ।