ਸਰਬਜੋਤ ਸਿੰਘ ਦੁੱਗਲ
ਕੁਰੂਕਸ਼ੇਤਰ, 25 ਜੁਲਾਈ
ਭਾਰਤੀ ਕਿਸਾਨ ਯੂਨੀਅਨ ਹਰਿਆਣਾ (ਮਾਨ) ਦੇ ਸੂਬਾਈ ਪ੍ਰਧਾਨ ਗੁਨੀ ਪ੍ਰਕਾਸ਼ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਕੀਤੀ ਗਈ ਬੇਤੁਕੀ ਟਿੱਪਣੀ ਨੂੰ ਲੈ ਕੇ ਸਿੱਖਾਂ ਵਿਚ ਨਾਰਾਜ਼ਗੀ ਹੈ। ਰੋਸ ਵਜੋਂ ਸਿੱਖ ਸੰਗਤ ਇਤਿਹਾਸਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਵਿੱਚ ਇਕੱਠੀ ਹੋਈ ਅਤੇ ਸਿੱਖ ਪਰਿਵਾਰ ਹਰਿਆਣਾ ਦੇ ਸੂਬਾਈ ਪ੍ਰਧਾਨ ਕੰਵਲਜੀਤ ਸਿੰਘ ਅਜਰਾਨਾ ਦੀ ਅਗਵਾਈ ਵਿੱਚ ਵਿਰੋਧ ਕਰਦੇ ਹੋਏ ਮਿਨੀ ਸਕੱਤਰੇਤ ਪਹੁੰਚੀ। ਇਥੇ ਡੀਡੀਪੀਓ ਪ੍ਰਤਾਪ ਸਿੰਘ ਨੂੰ ਰਾਸ਼ਟਰਪਤੀ ਦਾ ਨਾਂ ਇੱਕ ਮੰਗ ਪੱਤਰ ਸੌਂਪਿਆ। ਇਸ ਤੋਂ ਬਾਅਦ ਸਿੱਖ ਸੰਗਤ ਐੱਸਪੀ ਦੇ ਦਫ਼ਤਰ ਪਹੁੰਚੀ ਅਤੇ ਨਾਅਰੇਬਾਜ਼ੀ ਕਰਨ ਤੋਂ ਬਾਅਦ ਡੀਐੱਸਪੀ ਸੁਭਾਸ਼ ਚੰਦ ਨੂੰ ਵੀ ਮੰਗ ਪੱਤਰ ਸੌਂਪਿਆ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਹਰਿਆਣਾ ਦੇ ਸੂਬਾਈ ਪ੍ਰਧਾਨ ਸ਼ਰਨਜੀਤ ਸਿੰਘ ਸੋਥਾ, ਤਜਿੰਦਰਪਾਲ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸੰਗਤ ਹਾਜ਼ਰ ਸੀ।
ਕੰਵਲਜੀਤ ਸਿੰਘ ਅਜਰਾਨਾ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਹਰਿਆਣਾ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਸਿੱਖ ਕੌਮ ’ਤੇ ਬੇਤੁਕੀ ਟਿੱਪਣੀਆਂ ਕਰਨ ਅਤੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਹਰਿਆਣਾ (ਮਾਨ) ਦੇ ਸੂਬਾਈ ਪ੍ਰਧਾਨ ਗੁਨੀ ਪ੍ਰਕਾਸ਼, ਪ੍ਰਵੀਨ ਮਥਾਣਾ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਸਿੱਖਾਂ ’ਤੇ ਬੇਤੁਕੀ ਟਿੱਪਣੀਆਂ ਕਰਨ ਦਾ ਮਾਮਲਾ ਪਹਿਲਾ ਨਹੀਂ ਹੈ ਪਰ ਹੁਣ ਇਨ੍ਹਾਂ ਮਾਮਲਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਅਜਰਾਨਾ ਨੇ ਸਿੱਖ ਸੰਗਤ ਵਲੋਂ 28 ਜੁਲਾਈ ਤੱਕ ਦਾ ਅਲਟੀਮੇਟਮ ਦਿੰਦੇ ਹੋਏ ਕਿਹਾ ਕਿ ਜੇਕਰ ਗੁਨੀ ਪ੍ਰਕਾਸ਼, ਪ੍ਰਵੀਨ ਮਥਾਣਾ ਅਤੇ ਉਨ੍ਹਾਂ ਦੇ ਸਾਥੀਆਂ ’ਤੇ ਕੇਸ ਦਰਜ ਕਰ ਉਨ੍ਹਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਤਾਂ ਸਿੱਖ ਸੰਗਤ ਇੱਕ ਮਹਾ ਪੰਚਾਇਤ ਕਰ ਅੰਦੋਲਨ ਦਾ ਬਿਗੁਲ ਵਜਾਏਗੀ। ਇਸ ਦੌਰਾਨ ਉਨ੍ਹਾਂ ਸਿੱਖਾਂ ਨੂੰ ਵੀ ਅਪੀਲ ਕੀਤੀ ਕਿ ਉਹ ਕਿਸੇ ਵੀ ਮੁਸੀਬਤ ਦੀ ਸਥਿਤੀ ਵਿੱਚ ਇਕੱਠੇ ਹੋਣ ਅਤੇ ਆਪਣੇ ਹੱਕਾਂ ਲਈ ਲੜਨ ਵਾਸਤੇ ਤਿਆਰ ਰਹਿਣ। ਵਿਰੋਧ ਪ੍ਰਦਰਸ਼ਨ ਦੌਰਾਨ ਸ੍ਰੀ ਗੁਰੂ ਤੇਗ ਬਹਾਦਰ ਬ੍ਰਿਗੇਡ ਕਰਨਾਲ ਦੀ ਕੌਮੀ ਪ੍ਰਧਾਨ ਐਡਵੋਕੇਟ ਅਨੁਰਾਧਾ ਭਾਰਗਵ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਤਜਿੰਦਰ ਸਿੰਘ ਮੱਕੜ, ਹਰਿੰਦਰ ਸਿੰਘ ਗੁਰਾਇਆ, ਸੁਖਪਾਲ ਸਿੰਘ ਬੁੱਟਰ, ਦਿਲਬਾਗ ਸਿੰਘ, ਕਰਨੈਲ ਸਿੰਘ, ਅਮਰਜੀਤ ਸਿੰਘ ਨੰਬਰਦਾਰ, ਸੰਤੋਖ ਸਿੰਘ, ਮਹਿੰਦਰ ਸਿੰਘ, ਬਾਬਾ ਫਤਿਹ ਸਿੰਘ, ਵਿਕਰਮ ਸਿੰਘ, ਅਜੀਤ ਸਿੰਘ, ਇਤਿਹਾਸਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂਂ ਦੇ ਸਾਬਕਾ ਹੈੱਡ ਗ੍ਰੰਥੀ ਗਿਆਨੀ ਅਮਰੀਕ ਸਿੰਘ, ਜਸਪਾਲ ਸਿੰਘ ਸਮੇਤ ਸਿੱਖ ਸੰਗਤ ਵੱਡੀ ਗਿਣਤੀ ਵਿਚ ਮੌਜੂਦ ਸੀ।