ਪੱਤਰ ਪ੍ਰੇਰਕ
ਗੂਹਲਾ ਚੀਕਾ, 15 ਅਕਤੂਬਰ
ਵਿਜੀਲੈਂਸ ਕੁਰੂਕਸ਼ੇਤਰ ਦੀ ਟੀਮ ਨੇ ਜ਼ਮੀਨ ਦੀ ਨਕਲ ਅਤੇ 30 ਸਾਲ ਦੀ ਚੇਨ ਦੇਣ ਦੇ ਲਈ ਕਥਿਤ ਰਿਸ਼ਵਤ ਮੰਗਣ ਦੇ ਦੋਸ਼ ਹੇਠ ਪਟਵਾਰੀ ਨੂੰ ਅੱਜ ਰੰਗੇ ਹੱਥੀਂ ਕਾਬੂ ਕੀਤਾ ਹੈ। ਵਿਜੀਲੈਂਸ ਪਟਵਾਰੀ ਨੂੰ ਆਪਣੇ ਨਾਲ ਕੈਥਲ ਲੈ ਗਈ। ਖਰਕਾਂ ਵਾਸੀ ਸਤਵਿੰਦਰ ਸਿੰਘ ਨੇ ਸਟੇਟ ਵਿਜੀਲੈਂਸ ਕੁਰੂਕਸੇਤਰ ਦੇ ਦਫ਼ਤਰ ਵਿੱਚ ਸ਼ਿਕਾਇਤ ਕੀਤੀ ਸੀ ਕਿ ਪਟਵਾਰੀ ਗੁਰਦਾਸ ਸਿੰਘ ਦੇ ਦਫ਼ਤਰ ਵਿੱਚ ਆਪਣੀ ਜ਼ਮੀਨ ਦੀ ਕਾਪੀ ਅਤੇ 30 ਸਾਲ ਦੀ ਚੇਨ ਲੈਣ ਗਿਆ ਤਾਂ ਉਸ ਨੇ ਰਿਸ਼ਵਤ ਦੀ ਮੰਗ ਕੀਤੀ। ਇਸ ਮਗਰੋਂ ਇੰਸਪੈਕਟਰ ਜੋਗਿੰਦਰ ਸਿੰਘ ਦੀ ਅਗਵਾਈ ਹੇਠ ਟੀਮ ਗਠਿਤ ਕੀਤੀ ਗਈ ਅਤੇ ਪਟਵਾਰੀ ਗੁਰਦਾਸ ਨੂੰ ਰੰਗੇ ਹੱਥੀਂ ਕਾਬੂ ਕੀਤਾ ਗਿਆ। ਜ਼ਿਕਰਯੋਗ ਹੈ ਕਿ ਪਟਵਾਰੀ ਗੁਰਦਾਸ ਸਿੰਘ ਕੁਝ ਸਮਾਂ ਪਹਿਲਾਂ ਗੂਹਲਾ ਤਹਿਸੀਲ ਤੋਂ ਸੇਵਾਮੁਕਤ ਹੋਇਆ ਸੀ।