ਆਤਿਸ਼ ਗੁਪਤਾ
ਚੰਡੀਗੜ੍ਹ, 28 ਅਪਰੈਲ
ਹਰਿਆਣਾ ਵਿੱਚ ਲਗਾਤਾਰ ਵੱਧ ਰਹੇ ਕਰੋਨਾ ਦੇ ਕੇਸਾਂ ਨੇ ਸੂਬਾ ਸਰਕਾਰ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਹਰਿਆਣਾ ਵਿੱਚ ਦਿੱਲੀ ਤੋਂ ਆਉਣ ਵਾਲੇ ਮਰੀਜ਼ਾਂ ਕਰਕੇ ਹਸਪਤਾਲਾਂ ’ਤੇ ਜ਼ਿਆਦਾ ਦਬਾਅ ਵਧਿਆ ਹੈ। ਗੁਰੂਗ੍ਰਾਮ, ਫਰੀਦਾਬਾਦ ਅਤੇ ਸੋਨੀਪਤ ਦੇ ਹਸਪਤਾਲਾਂ ਵਿੱਚ ਜ਼ਿਆਦਾਤਰ ਮਰੀਜ਼ ਦਿੱਲੀ ਤੋਂ ਆਏ ਹੋਏ ਹਨ। ਇਸੇ ਤਰ੍ਹਾਂ ਅੰਬਾਲਾ ਦੇ ਹਸਪਤਾਲਾਂ ਵਿੱਚ ਵੀ ਦਿੱਲੀ ਦੇ ਮਰੀਜ਼ਾਂ ਦੀ ਗਿਣਤੀ ਵੱਧ ਹੈ। ਸ੍ਰੀ ਖੱਟਰ ਨੇ ਕਿਹਾ ਕਿ ਦੇਸ਼ ਦੇ ਹਰ ਨਾਗਰਿਕ ਨੂੰ ਵਧੀਆਂ ਸਿਹਤ ਸਹੂਲਤਾਂ ਦੇਣਾ ਹਰ ਸਰਕਾਰ ਦਾ ਨੈਤਿਕ ਫਰਜ਼ ਹੈ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਨੇ ਹਰਿਆਣਾ ਦੀ ਮੰਗ ਨੂੰ ਵੇਖਦਿਆਂ 70 ਐੱਮਟੀ ਆਕਸੀਜਨ ਦਾ ਵੱਧ ਕੋਟਾ ਦੇਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਪਹਿਲਾਂ ਕੇਂਦਰ ਵੱਲੋਂ 162 ਐੱਮਟੀ ਆਕਸੀਜਨ ਦਿੱਤੀ ਜਾ ਰਹੀ ਸੀ ਜੋ ਹੁਣ 232 ਐੱਮਟੀ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਵਧੀ ਹੋਈ ਆਕਸੀਜਨ ਉੜੀਸਾ ਤੋਂ ਆਵੇਗੀ ਜਿਸ ਲਈ ਰੇਲਗੱਡੀ ਰਵਾਨਾ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਕਰੋਨਾ ਦਾ ਸਾਹਮਣਾ ਕਰਨ ਲਈ ਆਕਸੀਜਨ, ਡਾਕਟਰ, ਵੈਕਸੀਨੇਸ਼ਨ ਕੇਂਦਰ, ਕੰਟੇਨਮੈਂਟ ਜ਼ੋਨ ਅਤੇ ਕੋਵਿਡ ਬੈੱਡਾਂ ਦਾ ਪੁਖਤਾ ਪ੍ਰਬੰਧ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਬੈੱਡਾਂ ਦੀ ਘਾਟ ਨੂੰ ਵੇਖਦਿਆਂ ਪਾਣੀਪਤ ਤੇ ਹਿਸਾਰ ਵਿੱਚ 500-500, ਪੀਜੀਆਈ ਰੋਹਤਕ ਵਿੱਚ 650, ਫਰੀਦਾਬਾਦ ਵਿੱਚ 100 ਅਤੇ ਗੁਰੂਗ੍ਰਾਮ ਵਿੱਚ 250 ਬੈੱਡਾਂ ਦਾ ਪ੍ਰਬੰਧ ਕੀਤਾ ਗਿਆ ਹੈ। ਸ੍ਰੀ ਖੱਟਰ ਨੇ ਦੱਸਿਆ ਕਿ ਸੂਬੇ ਵਿੱਚ ਸਿਹਤ ਕਾਮਿਆਂ ਦੀ ਘਾਟ ਨੂੰ ਪੂਰਾ ਕਰਨ ਲਈ ਐੱਮਬੀਬੀਐੱਸ ਅਤੇ ਹੋਰ ਮੈਡੀਕਲ ਸਿੱਖਿਆ ਪ੍ਰਾਪਤ ਕਰ ਚੁੱਕੇ ਵਿਦਿਆਰਥੀਆਂ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ।
ਹਰਿਆਣਾ ਵਿੱਚ ਭਰਤੀ ਹੋਣਗੇ 1400 ਐੱਮਬੀਬੀਐੱਸ ਡਾਕਟਰ
ਪੰਚਕੂਲਾ (ਪੀ.ਪੀ. ਵਰਮਾ): ਹਰਿਆਣਾ ਦੇ ਸਿਹਤ ਤੇ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਕਿਹਾ ਹੈ ਕਿ ਕਰੋਨਾਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਰਾਜ ਵਿਚ 1400 ਐੱਮਬੀਬੀਐੱਸ ਡਾਕਟਰ ਭਰਤੀ ਕੀਤੇ ਜਾਣਗੇ। ਇਸੇ ਤਰ੍ਹਾਂ ਹਰ ਜ਼ਿਲ੍ਹੇ ਨੂੰ ਡਾਇਲ-112 ਤਹਿਤ 20 ਵਾਹਨ ਦਿੱਤੇ ਜਾਣਗੇ। ਇਹ ਵਾਹਨ ਐਬੂਲੈਂਸ ਦੇ ਰੂਪ ਵਿੱਚ ਹੋਣਗੇ ਜੋ ਸਰਕਾਰੀ ਹਸਪਤਾਲਾਂ ਦੀ ਐਮਰਜੈਂਸੀ ਦੇ ਬਾਹਰ ਖੜ੍ਹੇ ਹੋਣਗੇ। ਉਨ੍ਹਾਂ ਕਿਹਾ ਕਿ ਹਰੇਕ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਕਿਹਾ ਗਿਆ ਹੈ ਕਿ ਉਹ ਆਪੋ-ਆਪਣੇ ਜ਼ਿਲ੍ਹੇ ਵਿੱਚ ਵੱਧ ਤੋਂ ਵੱਧ ਕੋਵਿਡ ਸੈਂਟਰ ਬਣਾਉਣ ਜਿਨ੍ਹਾਂ ਵਿੱਚ ਵੱਧ ਤੋਂ ਵੱਧ ਕੋਵਿਡ ਬੈੱਡ ਹੋਣ।