ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 20 ਜੁਲਾਈ
ਭਾਰਤੀ ਕਿਸਾਨ ਯੂਨੀਅਨ ਚੜੂਨੀ ਬਲਾਕ ਸ਼ਾਹਬਾਦ ਦੀ ਕੋਰ ਕਮੇਟੀ ਦੀ ਬੈਠਕ ਅੱਜ ਕਿਸਾਨ ਆਰਾਮ ਘਰ ਵਿਚ ਹੋਈ। ਇਸ ਵਿਚ ਸਰਬਸੰਮਤੀ ਨਾਲ ਇਹ ਫੈਸਲਾ ਲਿਆ ਗਿਆ ਕਿ ਸ਼ਾਮਲਾਤ ਥੇਹ ਤੇ ਜੁਮਲਾ ਮੁਸ਼ਤਰਕਾ ਮਾਲਕਾਨ ਸ਼ਮੀਨ ਦੇ ਮਾਲਕਾਨਾ ਹੱਕ ਕਾਸ਼ਤਕਾਰ ਕਿਸਾਨ ਤੋਂ ਵਾਪਸ ਲੈ ਕੇ ਪੰਚਾਇਤ ਨੂੰ ਦੇਣ ਦੇ ਸੰਦਰਭ ਵਿਚ ਸੁਪਰੀਮ ਕੋਰਟ ਦਾ ਇਕ ਫੈਸਲਾ 22 ਅਪਰੈਲ ਨੂੰ ਆਇਆ ਸੀ। ਇਸ ਨੂੰ ਲਾਗੂ ਕਰਨ ਲਈ ਵਿੱਤ ਕਮਿਸ਼ਨਰ ਹਰਿਆਣਾ ਦਾ ਪੱਤਰ 2 ਜੂਨ ਨੂੰ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਜਾਰੀ ਹੋ ਚੁੱਕਿਅਆ ਹੈ। ਇਸ ਨੂੰ ਲੈ ਕੇ ਕਿਸਾਨਾਂ ਵਿਚ ਭਾਰੀ ਰੋਹ ਹੈ। ਯੂਨੀਅਨ ਦੇ ਸੂਬਾ ਕਾਰਜਕਾਰਨੀ ਪ੍ਰਧਾਨ ਕਰਮ ਸਿੰਘ ਮਥਾਣਾ ਨੇ ਦੱਸਿਆ ਕਿ ਇਸ ਪੱਤਰ ਮੁਤਾਬਕ ਸਾਰੇ ਸ਼ਾਮਲਾਤ ਦੇਹ ਤੇ ਜੁਮਲਾ ਮੁਸ਼ਤਰਕਾ ਮਾਲਕਾਨ ਦੀਆਂ ਸਾਰੀਆਂ ਜ਼ਮੀਨਾਂ ਦਾ ਹੱਕ ਵਾਪਸ ਲੈ ਕੇ ਪੰਚਾਇਤ ਤੇ ਨਗਰਪਾਲਿਕਾਵਾਂ ਦੇ ਨਾਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੂਬੇ ਦੀਆਂ ਕੁਝ ਤਹਿਸੀਲਾਂ ਵਿਚ ਅਜੇਹੇ ਜ਼ਮੀਨਾਂ ਦੇ ਇੰਤਕਾਲ ਤੋੜ ਕੇ ਪੰਚਾਇਤਾਂ ਦੇ ਨਾਂ ਕਰ ਦਿੱਤੇ ਹਨ। ਜਦਕਿ ਮਾਲ ਰਿਕਾਰਡ ਦੇ ਹਿਸਾਬ ਨਾਲ ਕਿਸਾਨ ਇਨ੍ਹਾਂ ਜ਼ਮੀਨਾਂ ’ਤੇ ਪੀੜ੍ਹੀਆਂ ਤੋਂ ਕਾਸ਼ਤ ਕਰ ਰਹੇ ਹਨ ਤੇ ਇਨ੍ਹਾਂ ਜ਼ਮੀਨਾਂ ’ਤੇ ਉਨ੍ਹਾਂ ਦਾ ਮਾਲਕਾਨਾ ਹੱਕ ਸੀ ਤੇ ਕਿਸਾਨ ਇਸ ਜ਼ਮੀਨ ਨੂੰ ਖਰੀਦ ,ਵੇਚਣ ਤੋਂ ਇਲਾਵਾ ਗਿਰਵੀ ਵੀ ਰਖਦੇ ਸਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਇਸ ਰੋਸ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਚੜੂਨੀ 25 ਜੁਲਾਈ ਨੂੰ ਸ਼ਾਹਬਾਦ ਤਹਿਸੀਲ ਵਿਚ ਇਕ ਘੰਟੇ ਲਈ ਪ੍ਰਦਰਸ਼ਨ ਕਰੇਗੀ ਜਿਸ ਤੋਂ ਬਾਦ ਪਿੰਡ ਨਲਵੀ ਵਿਚ ਹੋਈ ਮੱਝਾਂ ਦੀ ਚੋਰੀ ਨੂੰ ਲੈ ਕੇ ਥਾਣੇ ਦਾ ਘਿਰਾਓ ਕੀਤਾ ਜਾਏਗਾ। ਇਸ ਮੌਕੇ ਮੰਡਲ ਪ੍ਰਧਾਨ ਬਲਕਾਰ ਸਿੰਘ, ਜਿਲਾ ਪ੍ਰਧਾਨ ਕ੍ਰਿਸ਼ਨ ਕੁਮਾਰ ਕਲਾਲ ਮਾਜਰਾ, ਕਾਰਜਕਾਰੀ ਪ੍ਰਧਾਨ ਜਸਬੀਰ ਸਿੰਘ ਮਾਮੂ ਮਾਜਰਾ, ਸ਼ਹਿਰੀ ਪ੍ਰਧਾਨ ਪਵਨ ਕੁਮਾਰ ਬੈਂਸ ਮੌਜੂਦ ਸਨ।