ਮਹਾਂਵੀਰ ਮਿੱਤਲ
ਜੀਂਦ, 3 ਜੂਨ
ਟੋਹਾਣਾ ਦੇ ਜਜਪਾ ਵਿਧਾਇਕ ਦੇਵਿੰਦਰ ਬਬਲੀ ਵੱਲੋਂ ਕਿਸਾਨਾਂ ਖ਼ਿਲਾਫ਼ ਦਿੱਤੇ ਬਿਆਨ ਦਾ ਵਿਰੋਧ ਕਰਦਿਆਂ ਸੰਯੁਕਤ ਕਿਸਾਨ ਮੋਰਚਾ ਦੇ ਮੈਂਬਰ ਅਤੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਹਾ, ‘‘ਜਦੋਂ ਵੋਟ ਲੈਣੇ ਹੁੰਦੇ ਹਨ, ਉਦੋਂ ਇਨ੍ਹਾਂ ਨੂੰ ਕਿਸਾਨ ਦਿਖਾਈ ਦਿੰਦੇ ਹਨ। ਜਦੋਂ ਮਤਲਬ ਨਿਕਲ ਜਾਂਦਾ ਹੈ, ਉਦੋਂ ਇਹ ਕਿਸਾਨਾਂ ਨੂੰ ਭੁੱਲ ਜਾਂਦੇ ਹਨ।’’ ਉਨ੍ਹਾਂ ਕਿਹਾ ਕਿ ਵਿਧਾਇਕ ਦੇਵਿੰਦਰ ਬਬਲੀ ਨੇ ਕਿਸਾਨਾਂ ਨੂੰ ਭੜਕਾਉਣ ਦਾ ਕੰਮ ਕੀਤਾ ਹੈ ਅਤੇ ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਵਿਧਾਇਕ ਖ਼ਿਲਾਫ਼ ਮਾਮਲਾ ਦਰਜ ਕਰਨਾ ਚਾਹੀਦਾ ਹੈ। ਚੜੂਨੀ ਨੇ ਕਿਹਾ ਕਿ ਸੂਬੇ ਵਿੱਚ ਭਾਜਪਾ ਅਤੇ ਜਜਪਾ ਆਗੂਆਂ ਦਾ ਵਿਰੋਧ ਜਾਰੀ ਰਹੇਗਾ। ਇਸ ਦੇ ਨਾਲ ਹੀ ਕਿਸਾਨ ਆਗੂ ਨੇ ਲੋਕਾਂ ਨੂੰ ਪੂਰੇ ਦੇਸ਼ ਵਿੱਚ ਭਾਜਪਾ ਦਾ ਬਾਈਕਾਟ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ 5 ਜੂਨ ਖੇਤੀ ਕਾਨੂੰਨਾਂ ਬਾਰੇ ਨੋਟੀਫਿਕੇਸ਼ਨ ਜਾਰੀ ਕਰਨ ਦਾ ਇੱਕ ਸਾਲ ਪੂਰਾ ਹੋਣ ’ਤੇ ਭਾਜਪਾ ਆਗੂਆਂ ਦੇ ਘਰਾਂ ਅਤੇ ਦਫ਼ਤਰਾਂ ਅੱਗੇ ਖੇਤੀ ਕਾਨੂੰਨਾਂ ਦੀ ਕਾਪੀਆਂ ਸਾੜੀਆਂ ਜਾਣਗੀਆਂ।
ਬੀਤੇ ਦਿਨੀਂ ਬਣਾਈ ਗਈ ਫੈਡਰੇਸ਼ਨ ਬਾਰੇ ਚੜੂਨੀ ਨੇ ਦੱਸਿਆ ਕਿ ਜਿਹੜੇ ਸੰਗਠਨ ਅਜੇ ਤੱਕ ਅੰਦੋਲਨ ਵਿੱਚ ਸ਼ਾਮਲ ਨਹੀਂ ਹਨ, ਉਨ੍ਹਾਂ ਨੂੰ ਇੱਕਠੇ ਕਰਕੇ ਫੈਡਰੇਸ਼ਨ ਬਣਾਈ ਗਈ ਹੈ ਅਤੇ ਉਹ ਸਾਰੇ ਕਿਸਾਨ ਮੋਰਚੇ ਦੀ ਅਗਵਾਈ ਹੇਠ ਕੰਮ ਕਰਦੇ ਰਹਿਣਗੇ। ਇਸ ਮੌਕੇ ਆਜ਼ਾਦ ਪਾਲਵਾਂ, ਅਨੂਪ ਖਟਕੜ ਅਤੇ ਮੇਵਾ ਸਿੰਘ ਵੀ ਹਾਜ਼ਰ ਸਨ।
ਚੜੂਨੀ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਪ੍ਰਧਾਨ ਬਣੇ
ਸ਼ਾਹਬਾਦ ਮਾਰਕੰਡਾ (ਸਤਨਾਮ ਸਿੰਘ): ਭਾਰਤੀ ਕਿਸਾਨ ਯੂਨੀਅਨ ਦੇ ਮੀਡੀਆ ਇੰਚਾਰਜ ਰਾਕੇਸ਼ ਬੈਂਸ ਨੇ ਫੋਨ ’ਤੇ ਗੱਲਬਾਤ ਕਰਦਿਆਂ ਦੱਸਿਆ ਕਿ ਗੁਰਨਾਮ ਸਿੰਘ ਚੜੂਨੀ ਹੁਣ ਭਾਕਿਯੂ ਦੇ ਕੌਮੀ ਪ੍ਰਧਾਨ ਹੋਣਗੇ ਅਤੇ ਜਥੇਬੰਦੀ ਦੀ ਹਰਿਆਣਾ ਇਕਾਈ ਦਾ ਪੁਨਰ ਗਠਨ ਜਲਦੀ ਹੀ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਫ਼ੈਸਲਾ 30 ਮਈ ਨੂੰ ਦਿੱਲੀ ਦੀ ਸਿੰਘੂ ਹੱਦ ’ਤੇ ਹੋਈ ਬੈਠਕ ਵਿੱਚ ਲਿਆ ਗਿਆ ਸੀ। ਬੈਂਸ ਨੇ ਕਿਹਾ ਕਿ ਭਾਕਿਯੂ ਚੜੂਨੀ ਦੀ ਮੈਂਬਰਸ਼ਿਪ ਮੁਹਿੰਮਆਰੰਭੀ ਜਾ ਰਹੀ ਹੈ, ਜਿਸ ਦਾ ਉਦੇਸ਼ ਦੇਸ਼ ਦੇ ਸਾਰੇ ਸੂਬਿਆਂ ਵਿੱਚ ਵੱਡੀ ਗਿਣਤੀ ’ਚ ਕਿਸਾਨਾਂ ਨੂੰ ਮੈਂਬਰ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਇਸ ਦੀ ਸ਼ੁਰੂਆਤ ਕਰਦਿਆਂ ਪੰਜਾਬ ਵਿੱਚ ਵੀ ਭਾਕਿਯੂ ਚੜੂਨੀ ਦੀ ਇਕਾਈ ਸਥਾਪਤ ਕੀਤੀ ਗਈ ਹੈ ਤੇ ਗੁਰਮੀਤ ਸਿੰਘ ਫਤਿਹਗੜ੍ਹ ਸਾਹਿਬ ਨੂੰ ਪੰਜਾਬ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਮਹਾਂਰਾਸ਼ਟਰ ਤੇ ਯੂਪੀ ਵਿੱਚ ਪ੍ਰਕਿਰਿਆ ਜਾਰੀ ਹੈ। ਉਤਰਾਖੰਡ ਵਿੱਚ ਗੁਰਸੇਵਕ ਸਿੰਘ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ। ਬੈਂਸ ਨੇ ਦੱਸਿਆ ਕਿ ਭਾਕਿਯੂ ਦੀ ਮੈਂਬਰਸ਼ਿਪ ਹੁਣ ਮਜ਼ਦੂਰਾਂ ਤੇ ਮਹਿਲਾਵਾਂ ਨੂੰ ਮੁਫ਼ਤ ਦਿੱਤੀ ਜਾਏਗੀ। ਕਿਸਾਨ ਆਗੂ ਨੇ ਦੱਸਿਆ ਕਿ ਪੰਜਾਬ ਅਤੇ ਹਰਿਆਣਾ ਦੇ ਕਿਸਾਨੀ ਸੰਘਰਸ਼ ਦੀ ਤਰਜ ’ਤੇ ਯੂਪੀ ਦੇ ਕਿਸਾਨਾਂ ਨੇ ਵੀ ਟੌਲ ਪਲਾਜ਼ਿਆਂ ਨੂੰ ਪਰਚੀ ਮੁਕਤ ਕਰਵਾਉਣ ਲਈ ਸੰਘਰਸ਼ ਵਿੱਢਿਆ ਹੈ, ਜੋ ਕਿ ਕਿਸਾਨੀ ਸੰਘਰਸ਼ ਦੀ ਮਜ਼ਬੂਤ ਲਈ ਚੰਗਾ ਕਦਮ ਹੈ। ਉਨ੍ਹਾਂ ਕਿਸਾਨਾਂ ਨੂੰ 5 ਜੂਨ ਨੂੰ ‘ਸੰਪੂਰਨ ਕ੍ਰਾਂਤੀ ਦਿਵਸ’ ਵਜੋਂ ਮਨਾਉਂਦਿਆਂ ਭਾਜਪਾ ਆਗੂਆਂ ਦੇ ਘਰਾਂ ਅਤੇ ਦਫ਼ਤਰਾਂ ਅੱਗੇ ਕੀਤੇ ਜਾਣ ਵਾਲੇ ਪ੍ਰਦਰਸ਼ਨਾਂ ਵਿੱਚ ਵਧ ਚੜ੍ਹ ਕੇ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ।