ਨਸ਼ਿਆਂ ਖ਼ਿਲਾਫ਼ ਮੈਰਾਥਨ ’ਚ ਨੌਜਵਾਨਾਂ ਨਾਲ ਦੌੜੇ ਅਧਿਕਾਰੀ : The Tribune India

ਨਸ਼ਿਆਂ ਖ਼ਿਲਾਫ਼ ਮੈਰਾਥਨ ’ਚ ਨੌਜਵਾਨਾਂ ਨਾਲ ਦੌੜੇ ਅਧਿਕਾਰੀ

ਹਾਜ਼ਰ ਲੋਕਾਂ ਨੂੰ ਨਸ਼ਾ ਮੁਕਤੀ ਦੀ ਸਹੁੰ ਚੁਕਵਾਈ; ਪੁਲੀਸ-ਪ੍ਰਸ਼ਾਸਨ ਨੇ ਲੋਕਾਂ ਤੋਂ ਸਹਿਯੋਗ ਮੰਗਿਆ

ਨਸ਼ਿਆਂ ਖ਼ਿਲਾਫ਼ ਮੈਰਾਥਨ ’ਚ ਨੌਜਵਾਨਾਂ ਨਾਲ ਦੌੜੇ ਅਧਿਕਾਰੀ

ਮੈਰਾਥਨ ਨੂੰ ਝੰਡੀ ਦਿਖਾਉਂਦੇ ਹੋਏ ਡੀਸੀ ਪਾਰਥ ਗੁਪਤਾ ਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ।

ਪ੍ਰਭੂ ਦਿਆਲ

ਸਿਰਸਾ, 18 ਮਾਰਚ

ਜ਼ਿਲ੍ਹਾ ਸਿਰਸਾ ਨੂੰ ਨਸ਼ਾ ਮੁਕਤ ਕਰਨ ਦੇ ਉਦੇਸ਼ ਨਾਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਸ਼ਹੀਦ ਭਗਤ ਸਿੰਘ ਸਟੇਡੀਅਮ ਤੋਂ ਮੈਰਾਥਨ ਕਰਵਾਈ ਗਈ ਜਿਸ ਵਿੱਚ ਬੱਚਿਆਂ, ਨੌਜਵਾਨਾਂ ਦੇ ਨਾਲ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦੌੜ ਲਾਈ। ਮੈਰਾਥਨ ਨੂੰ ਝੰਖੀ ਦਿਖਾਉਣ ਮਗਰੋਂ ਡਿਪਟੀ ਕਮਿਸ਼ਨਰ ਪਾਰਥ ਗੁਪਤਾ, ਐਸਪੀ ਡਾ. ਅਰਪਿਤ ਜੈਨ, ਵਧੀਕ ਡਿਪਟੀ ਕਮਿਸ਼ਨਰ ਆਨੰਦ ਸ਼ਰਮਾ ਸਮੇਤ ਕਈ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਦੌੜ ’ਚ ਹਿੱਸਾ ਲਿਆ।

ਇਸ ਤੋਂ ਪਹਿਲਾਂ ਹਾਜ਼ਰ ਲੋਕਾਂ ਨੂੰ ਨਸ਼ਾ ਮੁਕਤੀ ਦੀ ਸਹੁੰ ਚੁਕਵਾਈ ਗਈ। ਡੀਸੀ ਪਾਰਥ ਗੁਪਤਾ ਨੇ ਕਿਹਾ ਕਿ ਮੈਰਾਥਨ ਦੌੜ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨਾ ਹੈ। ਸਿਰਸਾ ਵਿੱਚ ਨਸ਼ਾ ਮੁਕਤ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਨੂੰ ਹੁੰਗਾਰਾ ਮਿਲ ਰਿਹਾ ਹੈ। ਜ਼ਿਲ੍ਹੇ ਨੂੰ ਨਸ਼ਾ ਮੁਕਤ ਕਰਨ ਲਈ ਆਮ ਲੋਕਾਂ ਦੇ ਸਹਿਯੋਗ ਦੀ ਲੋੜ ਹੈ। ਐੱਸਪੀ ਡਾ. ਅਰਪਿਤ ਜੈਨ ਨੇ ਕਿਹਾ ਕਿ ਨਸ਼ਿਆਂ ਦੇ ਖ਼ਿਲਾਫ਼ ਇੱਕਜੁਟਤਾ ਜ਼ਰੂਰੀ ਹੈ ਅਤੇ ਪ੍ਰਸ਼ਾਸਨ ਜ਼ਿਲ੍ਹੇ ਨੂੰ ਨਸ਼ਾ ਮੁਕਤ ਕਰਨ ਲਈ ਵਚਨਬੱਧ ਹੈ। ਇਸ ਲਈ ਜਾਗਰੂਕਤਾ ਜ਼ਰੂਰੀ ਹੈ ਜਿਸ ਤਹਿਤ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਕੈਂਪ ਲਾਏ ਜਾ ਰਹੇ ਹਨ ਅਤੇ ਪਿੰਡਾਂ ਵਿੱਖ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਨਸ਼ਾ ਛੱਡਣ ਵਾਲਿਆਂ ਨੂੰ ਕੰਮ ਧੰਦੇ ਵੀ ਲਾਇਆ ਜਾ ਰਿਹਾ ਹੈ।

ਮੈਰਾਥਨ ਸ਼ਹੀਦ ਭਗਤ ਸਿੰਘ ਸਟੇਡੀਅਮ ਤੋਂ ਸ਼ੁਰੂ ਹੋਕੇ ਬਾਬਾ ਭੂਮਣ ਸ਼ਾਹ ਚੌਕ, ਬੱਸ ਅੱਡਾ, ਮਹਾਰਾਣਾ ਪ੍ਰਤਾਪ ਚੌਕ, ਕਿਸਾਨ ਚੌਕ ਹੁੰਦੇ ਹੋਏ ਪੰਜ ਕਿਲੋਮੀਟਰ ਤੈਅ ਕਰਕੇ ਵਾਪਿਸ ਸ਼ਹੀਦ ਭਗਤ ਸਿੰਘ ਸਟੇਡੀਅਮ ’ਚ ਸਮਾਪਤ ਹੋਈ। ਦੌੜ ’ਚ ਲੜਕਿਆਂ ਵਿਚੋਂ ਦਾਰਾ ਨੇ ਪਹਿਲਾ, ਮੁਕੇਤ ਨੇ ਦੂਜਾ ਅਤੇ ਮੀਰਪੁਰ ਤੇ ਅਨਿਲ ਕੁਮਾਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਤਰ੍ਹਾਂ ਲੜਕੀਆਂ ਵਿੱਚੋਂ ਮੇਲਾ ਗਰਾਊਂਡ ਦੀ ਸੁਮਨ ਨੇ ਪਹਿਲਾ, ਪਿੰਡ ਬਣੀ ਦੀ ਕੋਮਲ ਨੇ ਦੂਜਾ ਅਤੇ ਪਿੰਡ ਖੂਹ ਵਾਲੀ ਦੀ ਰਿਤੂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜੇਤੂਆਂ ਨੂੰ ਡਿਪਟੀ ਕਮਿਸ਼ਨਰ ਨੇ ਮੈਡਲ ਦੇ ਕੇ ਸਨਮਾਨਿਤ ਕੀਤਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All