ਜਗਤਾਰ ਸਮਾਲਸਰ
ਏਲਨਾਬਾਦ, 10 ਨਵੰਬਰ
ਵਿਧਾਨ ਸਭਾ ਹਲਕਾ ਏਲਨਾਬਾਦ ਦੀ 30 ਅਕਤੂਬਰ ਨੂੰ ਹੋਈ ਜ਼ਿਮਨੀ ਚੋਣ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਪਵਨ ਬੈਨੀਵਾਲ ਦੀ ਜ਼ਮਾਨਤ ਜ਼ਬਤ ਹੋਣ ਤੋਂ ਬਾਅਦ ਹੁਣ ਕਾਂਗਰਸ ਹਾਈਕਮਾਨ ਨੇ ਇਸ ਮਾਮਲੇ ’ਤੇ ਗੰਭੀਰਤਾ ਨਾਲ ਵਿਚਾਰ ਕਰਨਾ ਸ਼ੁਰੂ ਕੀਤਾ ਹੈ। ਇਸ ਦੌਰਾਨ ਪਾਰਟੀ ਦੀ ਸੂਬਾਈ ਪ੍ਰਧਾਨ ਕੁਮਾਰੀ ਸ਼ੈਲਜਾ ਨੇ ਸ਼ੱਕ ਦੀ ਸੂਈ ਸਾਬਕਾ ਵਿਧਾਇਕ ਭਰਤ ਸਿੰਘ ਬੈਨੀਵਾਲ ਵੱਲ ਘੁਮਾਉਦਿਆਂ ਉਨ੍ਹਾਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਨੋਟਿਸ ਵਿੱਚ ਕੁਮਾਰੀ ਸ਼ੈਲਜਾ ਨੇ ਭਰਤ ਸਿੰਘ ਬੈਨੀਵਾਲ ਨੂੰ ਲਿਖਿਆ ਹੈ ਕਿ ਏਲਨਾਬਾਦ ਜ਼ਿਮਨੀ ਚੋਣ ਦੌਰਾਨ ਕਾਂਗਰਸ ਪਾਰਟੀ ਦੇ ਉਮੀਦਵਾਰ ਦੇ ਪੱਖ ਵਿੱਚ ਚੋਣ ਪ੍ਰਚਾਰ ਦੌਰਾਨ ਤੁਹਾਡੀ ਭੂਮਿਕਾ ਨਕਰਾਤਮਿਕ ਰਹੀ ਹੈ। ਵੋਟਾਂ ਤੋਂ ਪਹਿਲਾਂ ਤੁਸੀ ਇੱਕ ਵੀਡੀਓ ਵਿੱਚ ਇਹ ਕਹਿ ਰਹੇ ਹੋ ਕਿ ਇਸ ਚੋਣ ਵਿੱਚ ਕਾਂਗਰਸੀ ਉਮੀਦਵਾਰ ਤੀਸਰੇ ਨੰਬਰ ’ਤੇ ਰਹੇਗਾ।
ਇਸ ਨੋਟਿਸ ਸਬੰਧੀ ਭਰਤ ਸਿੰਘ ਬੈਨੀਵਾਲ ਨੇ ਆਖਿਆ ਕਿ ਉਨ੍ਹਾਂ ਨੇ ਪਾਰਟੀ ਵਿਰੋਧੀ ਕੋਈ ਕੰਮ ਨਹੀ ਕੀਤਾ ਹੈ। ਉਨ੍ਹਾਂ ਦਾ ਪਰਿਵਾਰ ਪੰਜ ਦਹਾਕਿਆਂ ਤੋਂ ਕਾਂਗਰਸ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸਾਲ 2014 ਦੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਦੌਰਾਨ ਵੀ ਉਨ੍ਹਾਂ ਦੀ ਟਿਕਟ ਕੱਟੀ ਗਈ ਸੀ ਤਾਂ ਕਾਂਗਰਸ ਉਮੀਦਵਾਰ ਰਮੇਸ਼ ਭਾਦੂ ਨੂੰ ਕੇਵਲ 11491 ਵੋਟਾਂ ਹੀ ਮਿਲੀਆ ਸਨ। ਇਸੇ ਤਰ੍ਹਾਂ ਹੀ ਹੁਣ ਹੋਇਆ ਹੈ। ਭਰਤ ਸਿੰਘ ਨੇ ਕਿਹਾ ਕਿ ਪਵਨ ਬੈਨੀਵਾਲ ਪ੍ਰਤੀ ਹਲਕੇ ਦੇ ਲੋਕਾਂ ਵਿੱਚ ਹੀ ਰੋਸ ਹੈ। ਕਾਂਗਰਸ ਪਾਰਟੀ ਦੇ ਵਰਕਰਾਂ ਨੇ ਇਹ ਗੱਲ ਚੋਣ ਦੌਰਾਨ ਕੁਮਾਰੀ ਸ਼ੈਲਜਾ ਨੂੰ ਵੀ ਦੱਸੀ ਸੀ।