ਪੱਤਰ ਪ੍ਰੇਰਕ
ਫਰੀਦਾਬਾਦ, 23 ਸਤੰਬਰ
ਜੇਸੀ ਬੋਸ ਯੂਨੀਵਰਸਿਟੀ ਆਫ ਸਾਇੰਸ ਐਂਡ ਟੈਕਨਾਲੋਜੀ ਵੱਲੋਂ ਭਾਰਤ ਸੇਵਾ ਪ੍ਰਤਿਸ਼ਠਾਨ ਫਰੀਦਾਬਾਦ ਤੇ ਗ੍ਰੀਨ ਇੰਡੀਆ ਫਾਊਂਡੇਸ਼ਨ ਟਰੱਸਟ ਦੀ ਸਾਂਝੀ ਅਗਵਾਈ ਹੇਠ ਹਵਾ, ਪਾਣੀ ਤੇ ਜ਼ਮੀਨ ਵਿਸ਼ੇ ‘ਤੇ ਕਰਵਾਈ ਦੋ ਰੋਜ਼ਾ ਕੌਮੀ ਕਾਨਫਰੰਸ ‘ਈਕੋ-2022’ ਅੱਜ ਸ਼ੁਰੂ ਹੋ ਗਈ ਹੈ। ਕਾਨਫਰੰਸ ਦੇ ਉਦਘਾਟਨੀ ਸੈਸ਼ਨ ਵਿੱਚ ਕੇਂਦਰੀ ਊਰਜਾ ਤੇ ਭਾਰੀ ਉਦਯੋਗ ਮੰਤਰੀ ਕ੍ਰਿਸ਼ਨ ਪਾਲ ਗੁਜਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਗ੍ਰੀਨ ਇੰਡੀਆ ਫਾਊਂਡੇਸ਼ਨ ਦੇ ਪ੍ਰਧਾਨ ਡਾ. ਜਗਦੀਸ਼ ਚੌਧਰੀ ਵੀ ਹਾਜ਼ਰ ਸਨ। ਕਾਨਫਰੰਸ ਦੌਰਾਨ ਛੇ ਤਕਨੀਕੀ ਸੈਸ਼ਨ ਆਯੋਜਿਤ ਕੀਤੇ ਜਾ ਰਹੇ ਹਨ, ਜਿਸ ਵਿੱਚ 20 ਤੋਂ ਵੱਧ ਮਾਹਰ ਬੁਲਾਰੇ ਹਵਾ, ਪਾਣੀ ਅਤੇ ਜ਼ਮੀਨ ਨਾਲ ਸਬੰਧਤ ਵੱਖ-ਵੱਖ ਪਹਿਲੂਆਂ ‘ਤੇ ਵਿਚਾਰ ਕਰਨਗੇ। ਕਾਨਫਰੰਸ ਦੇ ਥੀਮ ਦੀ ‘ਤੇ ਕੇਂਦਰੀ ਮੰਤਰੀ ਨੇ ਕਿਹਾ ਕਿ ਵਾਤਾਵਰਨ ਤਬਦੀਲੀ ਆਉਣ ਵਾਲੀਆਂ ਪੀੜ੍ਹੀਆਂ ਲਈ ਵੱਡੀ ਪ੍ਰੇਸ਼ਾਨੀ ਦਾ ਕਾਰਨ ਹੈ।