ਕੁਲਵਿੰਦਰ ਕੌਰ ਦਿਓਲ
ਫਰੀਦਾਬਾਦ, 1 ਮਾਰਚ
ਰਾਸ਼ਟਰੀ ਵਿਗਿਆਨ ਦਿਵਸ ਮਨਾਉਣ ਲਈ ਜੇਸੀ ਬੋਸ ਯੂਨੀਵਰਸਿਟੀ ਆਫ ਸਾਇੰਸ ਐਂਡ ਟੈਕਨਾਲੋਜੀ, ਵਾਈਐੱਮਸੀਏ, ਫਰੀਦਾਬਾਦ ਵੱਲੋਂ ‘ਸਥਿਰ ਵਿਕਾਸ ਵਿਚ ਭਾਰਤੀ ਵਿਗਿਆਨੀਆਂ ਦੀ ਭੂਮਿਕਾ’ ਵਿਸ਼ੇ ’ਤੇ ਕੌਮੀ ਕਾਨਫਰੰਸ ਤੇ ਵੱਖ-ਵੱਖ ਪ੍ਰੋਗਰਾਮ ਕਰਵਾਏ ਗਏ। ਰਾਸ਼ਟਰੀ ਵਿਗਿਆਨ ਦਿਵਸ ਦੇਸ਼ ਦੇ ਪ੍ਰਸਿੱਧ ਵਿਗਿਆਨੀ ਸਰ ਸੀਵੀ ਰਮਨ ਨੂੰ ਉਨ੍ਹਾਂ ਦੀ ਯਾਦ ਅਤੇ ਵਿਗਿਆਨ ਦੇ ਖੇਤਰ ਵਿਚ ਉਨ੍ਹਾਂ ਦੇ ਯੋਗਦਾਨ ਵਜੋਂ ਮਨਾਇਆ ਜਾਂਦਾ ਹੈ। ਰਾਸ਼ਟਰੀ ਕਾਨਫਰੰਸ ਤੋਂ ਇਲਾਵਾ ਯੂਨੀਵਰਸਿਟੀ ਦੇ ਸਾਇੰਸ ਫੈਕਲਟੀ ਆਫ਼ ਸਾਇੰਸ ਵੱਲੋਂ ਕੌਮੀ ਵਿਗਿਆਨ ਦਿਵਸ ਮੌਕੇ ਕਰਵਾਏ ਗਏ ਦੋ ਰੋਜ਼ਾ ਪ੍ਰੋਗਰਾਮ ਤਹਿਤ ਕੁਇਜ਼, ਭਾਸ਼ਣ ਤੇ ਪੋਸਟਰ ਮੁਕਾਬਲੇ ਕਰਵਾਏ ਗਏ। ਨੈਸ਼ਨਲ ਕਾਨਫਰੰਸ ਦੇ ਉਦਘਾਟਨੀ ਸੈਸ਼ਨ ਵਿੱਚ, ਇੰਦਰਾ ਗਾਂਧੀ ਯੂਨੀਵਰਸਿਟੀ, ਮੀਰਪੁਰ, ਰੇਵਾੜੀ ਦੇ ਉਪ ਕੁਲਪਤੀ ਪ੍ਰੋ. ਐੱਸਕੇ ਗੱਕੜ ਮੁੱਖ ਮਹਿਮਾਨ ਸਨ। ਸੈਸ਼ਨ ਦੀ ਪ੍ਰਧਾਨਗੀ ਉਪ ਕੁਲਪਤੀ ਪ੍ਰੋ. ਦਿਨੇਸ਼ ਕੁਮਾਰ ਨੇ ਕੀਤੀ। ਸੈਸ਼ਨ ਵਿਚ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਦਿੱਲੀ ਦੇ ਸਕੂਲ ਆਫ਼ ਵਾਤਾਵਰਣ ਵਿਗਿਆਨ ਤੋਂ ਪ੍ਰੋ. ਦਿਨੇਸ਼ ਮੋਹਨ ਵਿਸ਼ੇਸ਼ ਮਹਿਮਾਨ ਅਤੇ ਮੁੱਖ ਬੁਲਾਰੇ ਸਨ। ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਉਪ ਕੁਲਪਤੀ ਪ੍ਰੋ. ਦਿਨੇਸ਼ ਕੁਮਾਰ ਨੇ ਵਿਦਿਆਰਥੀਆਂ ਨੂੰ ਸੱਦਾ ਦਿੱਤਾ ਕਿ ਉਹ ਵਿਗਿਆਨੀ ਸੀਵੀ ਰਮਨ ਦੇ ਜੀਵਨ ਅਤੇ ਵਿਗਿਆਨ ਦੇ ਖੇਤਰ ਵਿਚ ਉਸ ਦੇ ਯੋਗਦਾਨ ਬਾਰੇ ਜਾਣਨ ਅਤੇ ਇਸ ਤੋਂ ਪ੍ਰੇਰਣਾ ਲੈਣ। ਉਨ੍ਹਾਂ ਵਿਦਿਆਰਥੀਆਂ ਨੂੰ ਵਿਗਿਆਨਕ ਪਹੁੰਚ ਅਪਣਾਉਣ ਅਤੇ ਦੇਸ਼ ਦੇ ਵਿਕਾਸ ਵਿਚ ਯੋਗਦਾਨ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਦੇਸ਼ ਨੂੰ ਸਵੈ-ਨਿਰਭਰ ਬਣਾਉਣ ਵਿੱਚ ਵਿਗਿਆਨ ਅਤੇ ਨੌਜਵਾਨ ਵਿਗਿਆਨੀਆਂ ਦੀ ਭੂਮਿਕਾ ਬਾਰੇ ਦੱਸਿਆ। ਸੈਸ਼ਨ ਨੂੰ ਸੰਬੋਧਨ ਕਰਦਿਆਂ ਪ੍ਰੋ. ਐੱਸਕੇ ਗੱਕੜ ਨੇ ਟਿਕਾਊ ਵਿਕਾਸ ਲਈ ਟਿਕਾਊ ਹੱਲ ਮੁਹੱਈਆ ਕਰਾਉਣ ਵਿਚ ਜੇਸੀ ਬੋਸ ਯੂਨੀਵਰਸਿਟੀ ਸਣੇ ਵਿਦਿਅਕ ਅਦਾਰਿਆਂ ਦੀ ਅਹਿਮ ਭੂਮਿਕਾ ਬਾਰੇ ਚਾਨਣਾ ਪਾਇਆ।