ਭੁਪਿੰਦਰ ਪੰਨੀਵਾਲੀਆ
ਕਾਲਾਂਵਾਲੀ, 13 ਜੁਲਾਈ
ਖੇਤਰ ਦੇ ਕਸਬਾ ਰੋੜੀ ਵਿੱਚ ਬੀਤੀ ਰਾਤ ਨਾਜਾਇਜ਼ ਸਬੰਧਾਂ ਕਾਰਨ ਤੇਜ਼ਧਾਰ ਹਥਿਆਰ ਨਾਲ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਇਸ ਮਾਮਲੇ ਵਿੱਚ ਰੋੜੀ ਪੁਲੀਸ ਨੇ ਮ੍ਰਿਤਕ ਨੌਜਵਾਨ ਦੀ ਲਾਸ਼ ਕਬਜ਼ੇ ਵਿੱਚ ਲੈ ਕੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ। ਪੁਲੀਸ ਨੇ ਮ੍ਰਿਤਕ ਦੀ ਲਾਸ਼ ਦਾ ਪੋਸਟ ਮਾਰਟਮ ਕਰਵਾ ਕੇ ਉਸ ਦੇ ਵਾਰਿਸਾਂ ਨੂੰ ਸੌਂਪ ਦਿੱਤੀ ਹੈ।
ਮਿਲੀ ਜਾਣਕਾਰੀ ਮੁਤਾਬਕ ਕਸਬਾ ਰੋੜੀ ਵਾਸੀ ਗੁਰਪ੍ਰੀਤ ਸਿੰਘ ਦੇ ਪਿੰਡ ਦੇ ਹੀ ਬਲਵਿੰਦਰ ਸਿੰਘ ਦੀ ਪਤਨੀ ਨਾਲ ਨਾਜਾਇਜ਼ ਸਬੰਧ ਸਨ। ਉਹ ਬੀਤੀ ਰਾਤ ਵੀ ਬਲਵਿੰਦਰ ਦੇ ਘਰ ਪਹੁੰਚ ਗਿਆ। ਪਹਿਲਾਂ ਹੀ ਘਾਤ ਲਾ ਕੇ ਬੈਠੇ ਬਲਵਿੰਦਰ ਸਿੰਘ ਨੇ ਉਸ ਉੱਤੇ ਗੰਡਾਸੇ ਨਾਲ ਹਮਲਾ ਕਰ ਦਿੱਤਾ ਅਤੇ ਉਸ ਨੂੰ ਵੱਢ ਕੇ ਉਸ ਦਾ ਕਤਲ ਕਰ ਦਿੱਤਾ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਰੋੜੀ ਦੇ ਥਾਣਾ ਮੁਖੀ ਈਸ਼ਵਰ ਸਿੰਘ ਮੌਕੇ ਉੱਤੇ ਪੁੱਜੇ ਅਤੇ ਲਾਸ਼ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਸਿਰਸਾ ਦੇ ਸਿਵਲ ਹਸਪਤਾਲ ਪਹੁੰਚਾਇਆ। ਇਸ ਸਬੰਧੀ ਰੋੜੀ ਦੇ ਥਾਣਾ ਮੁਖੀ ਈਸ਼ਵਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਮ੍ਰਿਤਕ ਗੁਰਪ੍ਰੀਤ ਸਿੰਘ ਦੇ ਭਰਾ ਤਰਸੇਮ ਸਿੰਘ ਦੇ ਬਿਆਨਾਂ ਉੱਤੇ ਬਲਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਊਸ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। ਕਤਲ ਵਿੱਚ ਵਰਤਿਆ ਤੇਜ਼ਧਾਰ ਹਥਿਆਰ ਵੀ ਬਰਾਮਦ ਕਰ ਲਿਆ ਗਿਆ ਹੈ।