ਪੱਤਰ ਪ੍ਰੇਰਕ
ਯਮੁਨਾਨਗਰ, 4 ਸਤੰਬਰ
ਇੱਥੇ ਹਰਪ੍ਰੀਤ ਸਿੰਘ ਕਤਲ ਮਾਮਲੇ ‘ਚ ਪੁਲੀਸ ਨੇ ਦੋ ਸਕੇ ਭਰਾਵਾਂ ਸਮੇਤ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜ਼ਿਕਰਯੋਗ ਹੈ ਕਿ ਹਰਪ੍ਰੀਤ ਦਾ 28 ਅਗਸਤ ਨੂੰ ਕਤਲ ਕਰ ਦਿੱਤਾ ਗਿਆ ਸੀ। ਸੀਆਈਏ ਦੇ ਇੰਚਾਰਜ ਪ੍ਰਮੋਦ ਵਾਲੀਆ ਨੇ ਦੱਸਿਆ ਕਿ ਛਛਰੋਲੀ ਦੇ ਖੇੜਾ ਮੁਹੱਲੇ ਵਿੱਚ ਰਹਿਣ ਵਾਲਾ ਹਰਪ੍ਰੀਤ ਸਿੰਘ ਗੁਰੂਗ੍ਰਾਮ ਦੀ ਇੱਕ ਕੰਪਨੀ ਵਿੱਚ ਕੰਮ ਕਰਦਾ ਸੀ ਅਤੇ ਉਹ ਨਸ਼ੇ ਦਾ ਆਦੀ ਸੀ। ਉਹ ਲਾਭ ਸਿੰਘ ਵਾਸੀ ਨਾਹਰ ਤਾਹਰਪੁਰ, ਰਵੀ ਉਰਫ ਸ਼ੁਭਮ ਅਤੇ ਉਰਜਨੀ ਵਾਸੀ ਕਪਿਲ ਪੁੱਤਰ ਦੇਸਰਾਜ ਤੋਂ ਨਸ਼ੀਲੇ ਪਦਾਰਥ ਖਰੀਦਦਾ ਸੀ, ਪਰ ਪਿਛਲੇ ਤਿੰਨ ਮਹੀਨਿਆਂ ਤੋਂ ਪੈਸੇ ਦੇਣ ਤੋਂ ਇਨਕਾਰ ਕਰ ਰਿਹਾ ਸੀ। ਇਸ ਕਰਕੇ ਤਿੰਨਾਂ ਨੇ ਉਸ ਨੂੰ ਘਰ ਬੁਲਾਇਆ ਅਤੇ ਨਸ਼ੇ ਦੀ ਡਬਲ ਡੋਜ਼ ਦਾ ਟੀਕਾ ਲਾ ਕੇ ਉਸ ਦੀ ਕੁੱਟਮਾਰ ਕੀਤੀ। ਤਿੰਨਾਂ ਵੱਲੋਂ ਜ਼ਿਆਦਾ ਕੁੱਟਮਾਰ ਕਾਰਨ ਹਰਪ੍ਰੀਤ ਦੀ ਮੌਤ ਹੋ ਗਈ। ਇਸ ਮਗਰੋਂ ਮੁਲਜ਼ਮਾਂ ਨੇ ਉਸ ਦੀ ਲਾਸ਼ ਨੂੰ ਕਾਰ ਵਿੱਚ ਲਿਜਾਕੇ ਲੇਦਾ-ਛਛਰੌਲੀ ਕੱਚੀ ਸੜਕ ਦੇ ਲਾਗੇ ਜੰਗਲ ਵਿੱਚ ਇੱਕ ਪੁਲੀ ਹੇਠ ਸੁੱਟ ਦਿੱਤਾ ਅਤੇ ਉਸ ਦੇ ਮੋਟਰਸਾਈਕਲ ਨੂੰ ਲਾਗੇ ਖੜ੍ਹੀ ਕਰਕੇ ਆ ਗਏ। ਇੰਚਾਰਜ ਪ੍ਰਮੋਦ ਵਾਲੀਆ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਗੁਲਾਬਗੜ੍ਹ ਬੱਸ ਸਟੈਂਡ ‘ਤੇ 3 ਨੌਜਵਾਨ ਸ਼ੱਕੀ ਹਾਲਤ ਵਿੱਚ ਖੜ੍ਹੇ ਹਨ। ਇਸ ਸੂਚਨਾ ’ਤੇ ਸਬ-ਇੰਸਪੈਕਟਰ ਜੀਤ ਸਿੰਘ, ਹੈੱਡ ਕਾਂਸਟੇਬਲ ਮੁਕੇਸ਼, ਰਣਧੀਰ, ਵਿਮਲ ਹਰਦਿਆਲ ਦੀ ਟੀਮ ਨੇ ਮੌਕੇ ‘ਤੇ ਜਾ ਕੇ ਤਿੰਨਾਂ ਨੌਜਵਾਨਾਂ ਨੂੰ ਕਾਬੂ ਕਰ ਲਿਆ। ਮੁਲਜ਼ਮ ਰਵੀ ਅਤੇ ਲਾਭ ਸਿੰਘ ਸਕੇ ਭਰਾ ਹਨ। ਮੁੱਢਲੀ ਪੁੱਛ-ਗਿੱਛ ਦੌਰਾਨ ਸਾਹਮਣੇ ਆਇਆ ਕਿ ਉਨ੍ਹਾਂ ਨੇ ਹਰਪ੍ਰੀਤ ਸਿੰਘ ਨੂੰ ਨਸ਼ੇ ਦੀ ਡਬਲ ਡੋਜ਼ ਦੇ ਕੇ ਮਾਰਿਆ ਸੀ। ਕਿਸੇ ਸ਼ੱਕ ਤੋਂ ਬਚਣ ਲਈ ਟੀਕਾ ਲਗਾਉਣ ਵਾਲੀ ਸਰਿੰਜ ਉਸ ਦੀ ਬਾਂਹ ਵਿੱਚ ਲੱਗੀ ਰਹਿਣ ਦਿੱਤੀ ਤੇ ਉਹ ਮੌਕੇ ਤੋਂ ਫਰਾਰ ਹੋ ਗਏ ਸਨ।