ਰਤਨ ਸਿੰਘ ਢਿੱਲੋਂ
ਅੰਬਾਲਾ, 22 ਜਨਵਰੀ
ਕੁਰੂਕਸ਼ੇਤਰ ਤੋਂ ਸੰਸਦ ਮੈਂਬਰ ਅਤੇ ਅੰਬਾਲਾ ਦੇ ਮਿਰਜ਼ਾਪੁਰ ਪਿੰਡ ਦੇ ਵਸਨੀਕ ਨਾਇਬ ਸਿੰਘ ਸੈਣੀ ਦੇ ਕਾਫ਼ਲੇ ’ਤੇ ਲੰਘੀ ਰਾਤ ਪਿੰਡ ਕੋੜਵਾ ਖੁਰਦ ਵਿਚ ਕੁਝ ਲੋਕਾਂ ਨੇ ਹਮਲਾ ਕਰ ਦਿੱਤਾ। ਸ਼ਾਹਜ਼ਾਦਪੁਰ ਪੁਲੀਸ ਨੇ ਇਸ ਸਬੰਧ ਵਿਚ ਨਾਰਾਇਣਗੜ੍ਹ ਦੀ ਪੀਸੀਆਰ ਨੰਬਰ-22 ਦੇ ਇੰਚਾਰਜ ਏਐੱਸਆਈ ਈਸ਼ਵਰ ਦਿਆਲ ਦੀ ਸ਼ਿਕਾਇਤ ’ਤੇ ਪਰਮੇਸ਼ਵਰ ਉਰਫ਼ ਪੱਪੀ, ਬਲਜਿੰਦਰ, ਗੁਰਵਿੰਦਰ ਸਿੰਘ, ਗੁਰਪ੍ਰੀਤ ਉਰਫ਼ ਦੀਪਾ ਅਤੇ ਨਵਦੀਪ ਉਰਫ਼ ਜੰਟਾ ਵਾਸੀਆਨ ਪਿੰਡ ਕੋੜਵਾ ਖੁਰਦ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।
ਏਐੱਸਆਈ ਈਸ਼ਵਰ ਦਿਆਲ ਨੇ ਆਪਣੇ ਬਿਆਨ ਵਿਚ ਕਿਹਾ ਕਿ ਕੰਟਰੋਲ ਰੂਮ ਅੰਬਾਲਾ ਤੋਂ ਆਏ ਹੁਕਮਾਂ ਅਨੁਸਾਰ ਉਹ ਸੰਸਦ ਮੈਂਬਰ ਨਾਇਬ ਸੈਣੀ ਦੀ ਪਾਇਲਟ ਡਿਊਟੀ ਕਰ ਰਹੇ ਸਨ। ਜਦੋਂ ਉਹ ਸੰਸਦ ਮੈਂਬਰ ਨੂੰ ਲੈਣ ਲਈ ਦੀਨਾਰਪੁਰ ਪਹੁੰਚੇ ਤਾਂ ਉਨ੍ਹਾਂ ਦੇ ਸੁਰੱਖਿਆ ਇੰਚਾਰਜ ਅਸ਼ੋਕ ਕੁਮਾਰ ਦਾ ਫ਼ੋਨ ਆਇਆ ਕਿ ਸੰਸਦ ਮੈਂਬਰ ਨੇ ਪਿੰਡ ਕੋੜਵਾ ਖੁਰਦ ਦੇ ਵਸਨੀਕ ਪਰਵੇਸ਼ ਦੇ ਲੜਕੇ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਜਾਣਾ ਹੈ। ਇਸ ਸਬੰਧੀ ਸੂਚਨਾ ਥਾਣਾ ਸ਼ਾਹਜ਼ਾਦਪੁਰ ਦੇ ਐੱਸਐੱਚਓ ਨੂੰ ਵੀ ਦਿੱਤੀ ਜਾਵੇ।
ਉਪਰੰਤ ਸ਼ਾਮ ਕਰੀਬ 7 ਵਜੇ ਸੰਸਦ ਮੈਂਬਰ ਨਾਇਬ ਸੈਣੀ ਵਿਆਹ ਵਿੱਚ ਸ਼ਾਮਲ ਹੋਣ ਤੋਂ ਬਾਅਦ ਆਪਣੇ ਪਿੰਡ ਲਈ ਤੁਰ ਪਏ। ਅਜੇ ਉਹ ਪਿੰਡ ਕੋੜਵਾ ਖੁਰਦ ਦੇ ਗੇਟ ਵਿੱਚੋਂ ਲੰਘ ਹੀ ਰਹੇ ਸਨ ਕਿ ਕਰੀਬ 8-10 ਵਿਅਕਤੀਆਂ ਨੇ ਪਹਿਲਾਂ ਪਾਇਲਟ ਗੱਡੀ ਅੱਗੇ ਆ ਕੇ ਰਾਹ ਰੋਕ ਲਿਆ ਅਤੇ ਫਿਰ ਸੰਸਦ ਮੈਂਬਰ ਨਾਇਬ ਸੈਣੀ ਨੂੰ ਗੰਦੀਆਂ ਗਾਲ੍ਹਾਂ ਕੱਢਦਿਆਂ ਉਨ੍ਹਾਂ ਦੀ ਗੱਡੀ ’ਤੇ ਡੰਡਿਆਂ, ਇੱਟਾਂ ਅਤੇ ਪੱਥਰਾਂ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਪੀਸੀਆਰ ਦੇ ਅਮਲੇ ਨੇ ਸੂਝ-ਬੂਝ ਨਾਲ ਸੰਸਦ ਮੈਂਬਰ ਦਾ ਬਚਾਅ ਕਰਦਿਆਂ ਉਨ੍ਹਾਂ ਨੂੰ ਉੱਥੋਂ ਕੱਢ ਲਿਆ। ਹਮਲਾਵਰਾਂ ਦੇ ਨਾਂ ਬਾਅਦ ਵਿਚ ਪਤਾ ਲੱਗੇ। ਸ਼ਾਹਜ਼ਾਦਪੁਰ ਪੁਲੀਸ ਨੇ ਇਸ ਮਾਮਲੇ ’ਚ ਕਾਰਵਾਈ ਕਰਦਿਆਂ ਛੇ ਵਿਅਕਤੀਆਂ ਖ਼ਿਲਾਫ਼ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।