ਨਿਜੀ ਪੱਤਰ ਪ੍ਰੇਰਕ
ਅੰਬਾਲਾ, 28 ਅਗਸਤ
ਲੰਘੀ ਰਾਤ ਅੰਬਾਲਾ ਕੈਂਟ ਵਿਚ ਪੁਲੀਸ ਦੀ ਫਾਇਰਿੰਗ ਨਾਲ ਦੋ ਨੌਜਵਾਨ ਜ਼ਖ਼ਮੀ ਹੋ ਗਏ। ਪੁਲੀਸ ਨੇ ਜ਼ਖ਼ਮੀਆਂ ਰਾਜ ਕੁਮਾਰ ਤੇ ਸੁਮੀਤ ਨੂੰ ਸਿਵਲ ਹਸਪਤਾਲ ਅੰਬਾਲਾ ਕੈਂਟ ਵਿਚ ਭਰਤੀ ਕਰਾਇਆ ਪਰੰਤੂ ਸੁਮੀਤ ਦੀ ਲੱਤ ਵਿਚੋਂ ਗੋਲੀ ਨਾ ਨਿਕਲਣ ਕਰਕੇ ਉਸ ਨੂੰ ਜੀਐਮਸੀਐਚ ਸੈਕਟਰ-32 ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ। ਅੰਬਾਲਾ ਕੈਂਟ ਥਾਣਾ ਇੰਚਾਰਜ ਇੰਸਪੈਕਟਰ ਨਰੇਸ਼ ਕੁਮਾਰ ਵੱਲੋਂ ਦਰਜ ਕਰਾਏ ਮਾਮਲੇ ਵਿਚ ਉਸ ਨੇ ਦੱਸਿਆ ਹੈ ਕਿ ਪੁਲੀਸ ਜਦੋਂ ਫਾਇਰਿੰਗ ਕਰ ਕੇ ਭੱਜ ਰਹੇ ਬਾਈਕ ਸਵਾਰਾਂ ਦਾ ਪਿੱਛਾ ਕਰ ਰਹੀ ਸੀ ਤਾਂ ਉਨ੍ਹਾਂ ਵਿਚੋਂ ਇਕ ਨੇ ਪੁਲੀਸ ਤੇ ਫਾਇਰਿੰਗ ਕਰ ਕਰ ਦਿੱਤੀ ਅਤੇ ਜਵਾਬੀ ਕਾਰਵਾਈ ਵਿਚ ਦੋਵੇਂ ਨੌਜਵਾਨ ਗੋਲੀ ਲੱਗਣ ਕਰਕੇ ਜ਼ਖ਼ਮੀ ਹੋ ਗਏ। ਪੁਲੀਸ ਨੇ ਕੁਝ ਨੌਜਵਾਨਾਂ ਨੂੰ ਹਿਰਾਸਤ ਵਿਚ ਲਿਆ ਹੈ। ਇਸ ਘਟਨਾ ਨੂੰ ਗੈਂਗਵਾਰ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਇੰਸਪੈਕਟਰ ਨਰੇਸ਼ ਕੁਮਾਰ ਨੇ ਸ਼ਿਕਾਇਤ ਵਿਚ ਦੱਸਿਆ ਕਿ ਰਾਤ 10 ਵਜੇ ਦੇ ਕਰੀਬ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਖਟੀਕ ਮੰਡੀ ਚੌਕ ਵਿਚ ਗੋਲੀ ਚੱਲੀ ਹੈ। ਜਦੋਂ ਉਹ ਪੁਲੀਸ ਬਲ ਲੈ ਕੇ ਮੌਕੇ ’ਤੇ ਪਹੁੰਚੇ ਤਾਂ ਉੱਥੇ ਹਾਊਸਿੰਗ ਬੋਰਡ ਚੌਕੀ ਇੰਚਾਰਜ ਸਬ ਇੰਸਪੈਕਟਰ ਬਲਕਾਰ ਸਿੰਘ ਤੇ ਹੋਰ ਮੁਲਾਜ਼ਮ ਹਾਜ਼ਰ ਸਨ। ਇਸ ਦੌਰਾਨ ਸੂਚਨਾ ਮਿਲੀ ਕਿ ਤਿੰਨ-ਚਾਰ ਬਾਈਕ ਸਵਾਰ ਨੌਜਵਾਨਾਂ ਨੇ ਵਾਲਮੀਕੀ ਧਰਮਸ਼ਾਲਾ ਦੇ ਕੋਲ ਫਾਇਰਿੰਗ ਅਤੇ ਪਥਰਾਅ ਕੀਤਾ ਹੈ। ਇੰਸਪੈਕਟਰ ਦਾ ਕਹਿਣਾ ਹੈ ਕਿ ਉਸ ਨੇ ਪਿੱਛਾ ਕਰਕੇ ਲੜਕਿਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰੰਤੂ ਉਨ੍ਹਾਂ ਵਿਚੋਂ ਇਕ ਨੇ ਜਿਸ ਦਾ ਨਾਂ ਸੁਭਮ ਉਰਫ਼ ਗੁਲਸ਼ਨ ਦੱਸਿਆ ਜਾ ਰਿਹਾ ਹੈ, ਨੇ ਪੁਲੀਸ ਪਾਰਟੀ ਤੇ ਫਾਇਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਚਾਰੋ ਨੌਜਵਾਨਾਂ ਕਾਬੂ ਕਰ ਲਿਆ ਜਿਨ੍ਹਾਂ ਦੀ ਪਛਾਣ ਸੁਮੀਤ ਕੁਮਾਰ, ਗੁਲਸ਼ਨ, ਰਾਜ ਕੁਮਾਰ ਅਤੇ ਪ੍ਰਦੀਪ ਉਰਫ਼ ਬੱਦੂ ਵਜੋਂ ਹੋਈ ਹੈ। ਮੁਲਜ਼ਮਾਂ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।
ਇਸੇ ਦੌਰਾਨ ਪੁਲੀਸ ਨੇ ਸੁਨੀਲ ਕੁਮਾਰ ਉਰਫ਼ ਬੀਰੂ ਨਿਵਾਸੀ ਤੇਲੀ ਮੰਡੀ ਦੀ ਸ਼ਿਕਾਇਤ ਤੇ ਪਦੁ, ਵਿਸ਼ਾਲ, ਅਮਨ, ਰਮਨ, ਡੈਨੀ, ਗੁੱਲਾ, ਗੁਲਸ਼ਨ ਉਰਫ਼ ਆਦਮੀ, ਵਿੱਕੀ, ਸੁਮੀਤ ਅਤੇ ਰਾਜਾ 10 ਜਣਿਆਂ ਦੇ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਉਸ ਨੇ ਸ਼ਿਕਾਇਤ ਵਿਚ ਕਿਹਾ ਕਿ ਰੰਜਿਸ਼ ਦੇ ਚਲਦਿਆਂ ਡੈਨੀ, ਪਦੁ ਅਤੇ ਅਮਨ ਨੇ ਸਬਜ਼ੀ ਦੀ ਰੇਹੜੀ ਲਾਉਂਦੇ ਉਸ ਦੇ ਭਰਾ ਆਦਿਤਿਆ ਨੂੰ ਕਾਲੀ ਬਾੜੀ ਮੰਦਰ ਦੇ ਕੋਲ ਪਿਸਟਲ ਦਿਖਾ ਕੇ ਧਮਕਾਇਆ ਅਤੇ ਗਾਲ੍ਹਾਂ ਕੱਢੀਆਂ।