ਕਾਲਾਂਵਾਲੀ (ਪੱਤਰ ਪੇ੍ਰਕ): ਖੇਤਰ ਦੇ ਪਿੰਡ ਨੂਹੀਆਂਵਾਲੀ ’ਚ ਦੋ ਧਿਰਾਂ ’ਚ ਹੋਈ ਲੜਾਈ ’ਚ ਮਾਂ-ਪੁੱਤ ਜ਼ਖਮੀ ਹੋ ਗਏ| ਇਸ ਮਾਮਲੇ ’ਚ ਥਾਣਾ ਔਢਾਂ ਪੁਲੀਸ ਨੇ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ| ਥਾਣਾ ਔਢਾਂ ਪੁਲੀਸ ਨੇ ਰਾਜਿੰਦਰ ਕੁਮਾਰ ਪੁੱਤਰ ਦੇਵੀਲਾਲ ਵਾਸੀ ਨੂਹੀਆਂਵਾਲੀ ਦੀ ਸ਼ਿਕਾਇਤ ’ਤੇ ਉਕਤ ਪਿੰਡ ਦੇ ਰਾਜਪਾਲ, ਰਾਜਵੀਰ, ਸੀਤਾ ਰਾਮ, ਪਰਮਵੀਰ, ਸੋਨੂੰ ਅਤੇ ਸ਼ੰਕਰ ਲਾਲ ਵਿਰੁੱਧ ਰਸਤਾ ਰੋਕ ਕੇ ਗਾਲ੍ਹਾਂ ਕੱਢਣ, ਕੁੱਟਮਾਰ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ਾਂ ਤਹਿਤ ਕੇਸ ਦਰਜ ਕਰ ਲਿਆ ਹੈ| ਏਐਸਆਈ ਜਾਗਰ ਸਿੰਘ ਨੇ ਦੱਸਿਆ ਕਿ 24 ਅਕਤੂਬਰ ਨੂੰ ਰਾਜਿੰਦਰ ਕੁਮਾਰ ਆਪਣੇ ਖੇਤ ਤੋਂ ਘਰ ਆ ਰਿਹਾ ਸੀ ਕਿ ਰਸਤੇ ਵਿੱਚ ਰਾਜਪਾਲ ਨੇ ਰਾਜਿੰਦਰ ਕੁਮਾਰ ਦੇ ਮੋਟਰਸਾਈਕਲ ਅੱਗੇ ਮੋਟਰਸਾਈਕਲ ਲਾ ਕੇ ਉਸ ਦਾ ਰਸਤਾ ਰੋਕ ਲਿਆ ਅਤੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਦੋ ਮੋਟਰਸਾਈਕਲਾਂ ’ਤੇ ਸਵਾਰ ਰਾਜਵੀਰ, ਸੀਤਾ ਰਾਮ, ਪਰਮਵੀਰ, ਸੋਨੂੰ ਅਤੇ ਸ਼ੰਕਰ ਲਾਲ ਹੱਥਾਂ ਵਿੱਚ ਡੰਡੇ ਲੈ ਕੇ ਆਏ ਅਤੇ ਸਾਰਿਆਂ ਨੇ ਰਾਜਿੰਦਰ ਕੁਮਾਰ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਰਜਿੰਦਰ ਕੁਮਾਰ ਦੀ 60 ਸਾਲਾ ਮਾਂ ਚਮੇਲੀ ਦੇਵੀ ਉਸ ਨੂੰ ਛੁਡਾਉਣ ਆਈ ਤਾਂ ਉਸ ਦੀ ਵੀ ਕੁੱਟਮਾਰ ਕੀਤੀ। ਫਿਰ ਪਰਿਵਾਰ ਦੇ ਹੋਰ ਮੈਂਬਰ ਵੀ ਆਉਣ ਲੱਗੇ ਤਾਂ ਉਹ ਭੱਜ ਗਏ। ਪਰਿਵਾਰ ਵਾਲਿਆਂ ਨੇ ਰਾਜਿੰਦਰ ਅਤੇ ਉਸ ਦੀ ਮਾਂ ਚਮੇਲੀ ਦੇਵੀ ਨੂੰ ਔਢਾਂ ਦੇ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ। ਜਾਂਚ ਅਧਿਕਾਰੀ ਏਐਸਆਈ ਜਾਗਰ ਸਿੰਘ ਨੇ ਰਾਜਿੰਦਰ ਕੁਮਾਰ ਦੇ ਬਿਆਨਾਂ ’ਤੇ 6 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।